ਨਸ਼ਿਆਂ ਵਿਰੁੱਧ ਮੁਹਿੰਮ ਤਾਂ ਚਲਾਈ ਗਈ ਹੈ, ਪਰ ਇਸ ਦੇ ਨਤੀਜੇ ਬਹੁਤੇ ਪ੍ਰਭਾਵਸ਼ਾਲੀ ਨਹੀਂ ਹਨ। ਥਾਂ ਥਾਂ ਨਸ਼ਿਆਂ, ਖ਼ਾਸਕਰ ਤੰਬਾਕੂ ਦੀ ਵਿਕਰੀ ਉਵੇਂ ਹੀ ਹੋ ਰਹੀ ਹੈ। ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਹੋਰਾਂ ਦੇ ਸ਼ਹੀਦੀ ਦਿਹਾੜੇ ਪੰਜਾਬ ਦੇ ਮੁੱਖ ਮੰਤਰੀ ਨੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਲਈ ਸਹੁੰ ਚੁਕਾਈ ਸੀ। ਹਜ਼ਾਰਾਂ ਨੌਜਵਾਨ ਨੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਦਾ ਪ੍ਰਣ ਲਿਆ ਹੈ। ਸਰਕਾਰ ਵੱਲੋਂ ਵੀ ਨਸ਼ਿਆਂ ਦੇ ਸੌਦਾਗਰਾਂ ਨੂੰ ਨੱਥ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ। ਪਰ ਇਹ ਬੜੇ ਦੁੱਖ ਦੀ ਗੱਲ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਪੰਜਾਬੀਆਂ, ਖ਼ਾਸ ਕਰਕੇ ਨੌਜਵਾਨ ਪੀੜ੍ਹੀ ਵਿੱਚ ਨਸ਼ਿਆਂ ਦੇ ਸੇਵਨ ਦਾ ਰੁਝਾਨ ਵਧ ਰਿਹਾ ਹੈ। ਇਸ ਦਾ ਮੁੱਖ ਕਾਰਨ ਨੌਜਵਾਨਾਂ ਵਿੱਚ ਵਧ ਰਹੀ ਬੇਚੈਨੀ, ਉਪਰਾਮਤਾ, ਖੁੱਲ੍ਹਾ ਪੈਸਾ, ਮਾਯੂਸੀ ਆਦਿ ਹਨ। ਨਸ਼ਿਆਂ ਦੀ ਵਧ ਰਹੀ ਵਰਤੋਂ ਦਾ ਮਨੁੱਖ ਦੇ ਨਿੱਜੀ ਵਿਕਾਸ ਅਤੇ ਸੂਬੇ ਦੇ ਵਿਕਾਸ ਉੱਤੇ ਬਹੁਤ ਹੀ ਮਾੜਾ ਅਸਰ ਪੈ ਰਿਹਾ ਹੈ। ਪੰਜਾਬ ਕਿਸੇ ਸਮੇਂ ਮੁਲਕ ਦਾ ਸਭ ਤੋਂ ਵੱਧ ਵਿਕਸਿਤ ਅਤੇ ਅਮੀਰ ਸੂਬਾ ਗਿਣਿਆ ਜਾਂਦਾ ਸੀ, ਪਰ ਹੁਣ ਇਹ ਬਹੁਤ ਪਿੱਛੇ ਰਹਿ ਗਿਆ ਹੈ। ਸੂਬੇ ਦੀ ਵਿਕਾਸ ਦਰ ਘਟ ਗਈ ਹੈ। ਨੌਜਵਾਨਾਂ ਵਿੱਚੋਂ ਕਿਰਤ ਕਰਨ ਦੀ ਰੁਚੀ ਖ਼ਤਮ ਹੁੰਦੀ ਜਾ ਰਹੀ ਹੈ। ਕਿਸੇ ਵੀ ਢੰਗ ਨਾਲ ਵਿਦੇਸ਼ਾਂ ਵੱਲ ਉਡਾਰੀ ਮਾਰਨਾ ਹੀ ਉਨ੍ਹਾਂ ਦਾ ਮੁੱਖ ਮੰਤਵ ਬਣ ਗਿਆ ਹੈ।
ਪੰਜਾਬੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਪ੍ਰਾਪਤ ਹੈ ਜਿਸ ਵਿੱਚ ਨਸ਼ਿਆਂ ਦੇ ਸੇਵਨ ਦੀ ਸਖ਼ਤ ਮਨਾਹੀ ਕੀਤੀ ਗਈ ਹੈ। ਨਸ਼ਿਆਂ ਦਾ ਸੇਵਨ ਮਨੁੱਖ ਦੇ ਤਨ ਨੂੰ ਹੀ ਨਹੀਂ ਖੋਰਦਾ ਸਗੋਂ ਮਨ ਉੱਤੇ ਵੀ ਇਸ ਦਾ ਭੈੜਾ ਅਸਰ ਪੈਂਦਾ ਹੈ। ਮਨੁੱਖ ਦਾ ਆਪਣੇ ਮਨ ਉੱਤੇ ਕਾਬੂ ਨਹੀਂ ਰਹਿੰਦਾ। ਉਹ ਨਸ਼ਿਆਂ ਦਾ ਗੁਲਾਮ ਹੋ ਕੇ ਆਪਣੇ ਆਪ ਨੂੰ ਅਤੇ ਆਪਣੇ ਘਰ ਨੂੰ ਤਬਾਹ ਕਰ ਲੈਂਦਾ ਹੈ। ਉਹ ਨਿਰਾ ਦੁਨਿਆਵੀ ਰਿਸ਼ਤਿਆਂ ਤੋਂ ਦੂਰ ਨਹੀਂ ਹੋ ਜਾਂਦਾ ਸਗੋਂ ਆਪਣੇ ਰੱਬ ਤੋਂ ਵੀ ਦੂਰ ਹੋ ਜਾਂਦਾ ਹੈ।
ਪਿਛਲੇ ਸਾਲਾਂ ਵਿੱਚ ਲੋਕਾਂ ਨੇ ਆਪਣੀ ਮਿਹਨਤ ਨਾਲ ਆਰਥਿਕ ਵਿਕਾਸ ਕੀਤਾ। ਇਸ ਆਰਥਿਕ ਵਿਕਾਸ ਦੇ ਨਾਲ ਨਾਲ ਸਮਾਜਿਕ ਵਿਕਾਸ ਵੀ ਹੋਣਾ ਚਾਹੀਦਾ ਸੀ ਤਾਂ ਜੋ ਆਰਥਿਕ ਵਿਕਾਸ ਦੀ ਸੁਚੱਜੀ ਵਰਤੋਂ ਹੋ ਸਕਦੀ, ਪਰ ਬਦਕਿਸਮਤੀ ਨਾਲ ਅਜਿਹਾ ਨਹੀਂ ਹੋਇਆ। ਪੈਸਾ ਪੰਜਾਬ ਵਿੱਚ ਵੱਡਾ ਵਿਖਾਵਾ ਬਣ ਗਿਆ ਹੈ। ਅੰਗਰੇਜ਼ੀ ਸ਼ਰਾਬ ਦੀ ਵਰਤੋਂ ਵਿਸ਼ੇਸ਼ ਕਰਕੇ ਨਵੀਂ ਪੀੜ੍ਹੀ ਲਈ ਦਿਖਾਵੇ ਦੀ ਨਿਸ਼ਾਨੀ ਬਣ ਗਈ ਹੈ। ਇਸ ਦੀ ਵਰਤੋਂ ਇੰਨੀ ਵਧ ਗਈ ਹੈ ਕਿ ਪੰਜਾਬ ਸ਼ਰਾਬ ਦੀ ਵਰਤੋਂ ਵਿੱਚ ਪਹਿਲੇ ਨੰਬਰ ਉੱਤੇ ਆ ਗਿਆ ਹੈ। ਪੰਜਾਬੀ ਅਤੇ ਸ਼ਰਾਬ ਇਕਮਿਕ ਹੋ ਗਏ ਜਾਪਦੇ ਹਨ। ਇਸੇ ਤਰ੍ਹਾਂ ਤਿੰਨ ਸਦੀਆਂ ਪਹਿਲਾਂ ਦਸਮੇਸ਼ ਪਿਤਾ ਨੇ ਤੰਬਾਕੂ ਦੀ ਵਰਤੋਂ ਕਰਨ ਉੱਤੇ ਰੋਕ ਲਗਾਈ ਸੀ। ਹੁਣ ਸਾਰੇ ਸੰਸਾਰ ਵਿੱਚ ਤੰਬਾਕੂ ਵਿਰੋਧੀ ਮੁਹਿੰਮ ਚੱਲ ਰਹੀ ਹੈ, ਪਰ ਪੰਜਾਬ ਵਿੱਚ ਇਸ ਦੀ ਵਰਤੋਂ ਵਧ ਰਹੀ ਹੈ। ਸਾਡੀ ਨਵੀਂ ਪੀੜ੍ਹੀ ਇਨ੍ਹਾਂ ਤੋਂ ਵੀ ਵਧੇਰੇ ਘਾਤਕ ਨਸ਼ਿਆਂ ਦੀ ਸ਼ਿਕਾਰ ਹੋ ਰਹੀ ਹੈ।
ਨਸ਼ਿਆਂ ਦੀ ਵਰਤੋਂ ਰੋਕਣ ਲਈ ਸਰਕਾਰ ਅਤੇ ਸਵੈ-ਸੇਵੀ ਸੰਸਥਾਵਾਂ ਵੱਲੋਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਵਾਸਤੇ ਵਿਸ਼ੇਸ਼ ਯਤਨ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਲੋਕਾਂ ਵਿੱਚ ਨਸ਼ਿਆਂ ਪ੍ਰਤੀ ਨਫ਼ਰਤ ਪੈਦਾ ਕੀਤੀ ਜਾ ਸਕੇ। ਇਸ ਦੇ ਨਾਲ ਹੀ ਮੀਡੀਆ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਕਾਨੂੰਨੀ ਤੌਰ ਉੱਤੇ ਨਸ਼ਿਆਂ ਦੀਆਂ ਮਸ਼ਹੂਰੀਆਂ ਉੱਤੇ ਪਾਬੰਦੀ ਲੱਗ ਗਈ ਹੈ, ਪਰ ਹੁਣ ਅਸਿੱਧੇ ਤੌਰ ਉੱਤੇ ਇਹੋ ਮਸ਼ਹੂਰੀਆਂ ਵਿਖਾਈਆਂ ਜਾ ਰਹੀਆਂ ਹਨ। ਸਰਕਾਰ ਵੱਲੋਂ ਨਸ਼ੇ ਦੇ ਵਪਾਰੀਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ ਤੇ ਇਸ ਦੇ ਨਤੀਜੇ ਵੀ ਸਾਹਮਣੇ ਆਉਣ ਲੱਗੇ ਹਨ। ਇਸ ਦੇ ਨਾਲ ਹੀ ਹੇਠਲੇ ਪੱਧਰ ਉੱਤੇ ਵੀ ਨਸ਼ਿਆਂ ਦੀ ਵਿਕਰੀ ਨੂੰ ਰੋਕਣਾ ਜ਼ਰੂਰੀ ਹੈ। ਥਾਂ ਥਾਂ ਉੱਤੇ ਤੰਬਾਕੂ ਵੇਚਿਆ ਜਾ ਰਿਹਾ ਹੈ। ਸਕੂਲਾਂ ਤੇ ਕਾਲਜਾਂ ਸਾਹਮਣੇ ਅਤੇ ਵੱਡੀਆਂ ਮਾਰਕੀਟਾਂ ਲਾਗੇ ਸਾਈਕਲ ਰੂਪੀ ਦੁਕਾਨਾਂ ਹਰੇਕ ਥਾਂ ਮੌਜੂਦ ਹਨ। ਜਿਹੜੇ ਕਰਮਚਾਰੀਆਂ ਦੀ ਡਿਊਟੀ ਇਨ੍ਹਾਂ ਨੂੰ ਰੋਕਣਾ ਹੈ, ਉਹ ਇਸ ਸਭ ਨੂੰ ਅਣਗੌਲਿਆ ਕਰ ਦਿੰਦੇ ਹਨ। ਜਨਤਕ ਥਾਵਾਂ ਉੱਤੇ ਤੰਬਾਕੂ ਵੇਚਣਾ ਕਾਨੂੰਨੀ ਜੁਰਮ ਹੈ। ਸਰਕਾਰ ਨੂੰ ਆਪਣੇ ਫ਼ਰਜ਼ਾਂ ਪ੍ਰਤੀ ਕੁਤਾਹੀ ਵਰਤਣ ਵਾਲੇ ਕਰਮਚਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਇਸ ਪਾਸੇ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਸੂੁਬੇ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਕੱਢਿਆ ਨਹੀਂ ਜਾ ਸਕੇਗਾ।
ਇਹ ਵੀ ਵੇਖਣ ਵਿੱਚ ਆਇਆ ਹੈ ਕਿ ਦਵਾਈਆਂ ਵੇਚਣ ਵਾਲੀਆਂ ਕਈ ਦੁਕਾਨਾਂ ਉੱਤੇ ਵੀ ਕਈ ਵਾਰ ਨਸ਼ਿਆਂ ਦੀ ਵਿਕਰੀ ਹੁੰਦੀ ਹੈ। ਜੇ ਹੋਰ ਨਹੀਂ ਤਾਂ ਖੰਘ ਦੀ ਦਵਾਈ ਨੂੰ ਨਸ਼ੇ ਦੀ ਥਾਂ ਵਰਤਿਆ ਜਾਂਦਾ ਹੈ। ਖਾਣ-ਪੀਣ ਦੀਆਂ ਕਈ ਦੁਕਾਨਾਂ ਵੀ ਨਸ਼ਿਆਂ ਦੀ ਵਿਕਰੀ ਦਾ ਨਾਜਾਇਜ਼ ਧੰਦਾ ਕਰਦੀਆਂ ਹਨ। ਦੁਕਾਨਦਾਰਾਂ ਦੀਆਂ ਆਪਣੀਆਂ ਕਮੇਟੀਆਂ ਬਣਨੀਆਂ ਚਾਹੀਦੀਆਂ ਹਨ ਜਿਨ੍ਹਾਂ ਰਾਹੀਂ ਮੈਂਬਰਾਂ ਉੱਤੇ ਇਸ ਸਮਾਜਿਕ ਗੁਨਾਹ ਤੋਂ ਦੂਰ ਰਹਿਣ ਲਈ ਜ਼ੋਰ ਪਾਇਆ ਜਾਵੇ। ਨੌਜਵਾਨਾਂ ਨੂੰ ਕਿਸੇ ਵੀ ਕਿਸਮ ਦੀ ਨਸ਼ੀਲੀ ਦਵਾਈ ਡਾਕਟਰ ਦੀ ਪਰਚੀ ਬਗੈਰ ਨਾ ਦਿੱਤੀ ਜਾਵੇ।
ਫ਼ਿਲਮਾਂ ਅਤੇ ਟੀ.ਵੀ. ਲੜੀਵਾਰ ਲੋਕਾਂ ਨੂੰ ਚੋਖਾ ਪ੍ਰਭਾਵਿਤ ਕਰਦੇ ਹਨ। ਨੌਜਵਾਨ ਪੀੜ੍ਹੀ ਤਾਂ ਕਲਾਕਾਰਾਂ ਦੀ ਹਰ ਤਰ੍ਹਾਂ ਨਾਲ ਨਕਲ ਮਾਰਨ ਦੀ ਕੋਸ਼ਿਸ਼ ਕਰਦੀ ਹੈ। ਜੇਕਰ ਮੁੱਖ ਕਿਰਦਾਰ ਸ਼ਰਾਬ ਜਾਂ ਸਿਗਰਟ ਪੀਂਦੇ ਹਨ ਤਾਂ ਵੇਖਣ ਵਾਲੇ ਵੀ ਅਜਿਹਾ ਹੀ ਕਰਨਗੇ। ਇਸ ਲਈ ਕਲਾਕਾਰਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ।
ਪੰਜਾਬ ਵਿੱਚ ਖੇਤੀ ਖੜੋਤ ਅਤੇ ਰੁਜ਼ਗਾਰ ਦੇ ਵਸੀਲਿਆਂ ਵਿੱਚ ਆਈ ਕਮੀ ਨੇ ਨੌਜਵਾਨਾਂ ਅਤੇ ਪਿੰਡ ਵਾਸੀਆਂ ਵਿੱਚ ਮਾਯੂਸੀ ਅਤੇ ਬੇਚੈਨੀ ਪੈਦਾ ਕਰ ਦਿੱਤੀ ਹੈ। ਇਹੋ ਮਾਯੂਸੀ ਅਤੇ ਬੇਚੈਨੀ ਉਨ੍ਹਾਂ ਨੂੰ ਨਸ਼ਿਆਂ ਵੱਲ ਧੱਕਦੀ ਹੈ। ਸ਼ਹਿਰਾਂ ਵਿੱਚ ਅਮੀਰ ਘਰਾਂ ਦੇ ਬੱਚਿਆਂ ਕੋਲ ਪੈਸੇ ਦੀ ਖੁੱਲ੍ਹ ਅਤੇ ਮਾਪਿਆਂ ਦੀ ਲਾਪਰਵਾਹੀ ਨਸ਼ਿਆਂ ਦੇ ਘੇਰੇ ਨੂੰ ਵਧਾਉਂਦੀ ਹੈ। ਪਹਿਲਾਂ ਬੱਚੇ ਸ਼ੁਗਲ ਵਿੱਚ ਨਸ਼ਿਆਂ ਦਾ ਸੁਆਦ ਚੱਖਦੇ ਹਨ, ਪਰ ਹੌਲੀ ਹੌਲੀ ਇਨ੍ਹਾਂ ਦੇ ਗੁਲਾਮ ਬਣ ਜਾਂਦੇ ਹਨ। ਸ਼ਹਿਰਾਂ ਵਿੱਚ ਤਾਂ ਕੁੜੀਆਂ ਵੀ ਨਸ਼ਿਆਂ ਦੀ ਲਪੇਟ ਵਿੱਚ ਆ ਗਈਆਂ ਹਨ। ਇਸ ਲਈ ਸਾਡੀਆਂ ਰਾਜਸੀ ਪਾਰਟੀਆਂ ਵੀ ਜ਼ਿੰਮੇਵਾਰ ਹਨ। ਚੋਣਾਂ ਦੌਰਾਨ ਉਨ੍ਹਾਂ ਵੱਲੋਂ ਖੁੱਲ੍ਹ ਕੇ ਨਸ਼ੇ ਵੰਡੇ ਜਾਂਦੇ ਹਨ।
ਨਸ਼ਿਆਂ ਦੀ ਮਾਰ ਹੇਠ ਆਏ ਨੌਜਵਾਨਾਂ ਨਾਲ ਗੱਲਬਾਤ ਕਰਨ ਪਿੱਛੋਂ ਇਹ ਆਖਿਆ ਜਾ ਸਕਦਾ ਹੈ ਕਿ ਨਸ਼ਿਆਂ ਦੀ ਵਰਤੋਂ ਦਾ ਵਾਧਾ ਸੰਗਤ ਦੀ ਰੰਗਤ ਨਾਲ ਕਮਜ਼ੋਰ ਤਬੀਅਤ ਦੇ ਬੱਚਿਆਂ ਉੱਤੇ ਵਧੇਰੇ ਚੜ੍ਹਦਾ ਹੈ। ਇਸ ਲਈ ਅਖੌਤੀ ਆਧੁਨਿਕਤਾ, ਮਾਯੂਸੀ, ਪਰਿਵਾਰਕ ਪ੍ਰਭਾਵ, ਇਕੱਲਤਾ ਅਤੇ ਪ੍ਰਚਾਰ ਵੀ ਜ਼ਿੰਮੇਵਾਰ ਹਨ। ਸਰਕਾਰੀ ਕਰਮਚਾਰੀਆਂ ਜਾਂ ਰਾਜਸੀ ਆਗੂਆਂ ਦੀ ਮਿਲੀਭੁਗਤ ਬਿਨਾਂ ਨਸ਼ਿਆਂ ਦੀ ਤਸਕਰੀ ਅਤੇ ਵਿਕਰੀ ਸੰਭਵ ਨਹੀਂ। ਇਹ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਕਿ ਹਰੇਕ ਕਰਮ ਦਾ ਪ੍ਰਤੀਕਰਮ ਜ਼ਰੂਰ ਹੁੰਦਾ ਹੈ। ਬੱਚਿਆਂ ਦੀ ਜ਼ਿੰਦਗੀ ਦਾਅ ਉੱਤੇ ਲਾ ਕੇ ਕੀਤੀ ਕਮਾਈ ਦਾ ਅਖੀਰ ਮਾੜਾ ਹੀ ਨਤੀਜਾ ਹੁੰਦਾ ਹੈ।
ਇਸ ਕਰਕੇ ਸਰਕਾਰ ਸੂਬੇ ਵਿੱਚ ਨਸ਼ਿਆਂ ਦੀ ਤਸਕਰੀ ਅਤੇ ਵਪਾਰ ਨੂੰ ਰੋਕਣ ਦੇ ਨਾਲ ਨਾਲ ਜਨਤਕ ਥਾਵਾਂ ਉੱਤੇ ਸ਼ਰ੍ਹੇਆਮ ਹੋ ਰਹੀ ਨਸ਼ਿਆਂ ਦੀ ਵਿਕਰੀ ਨੂੰ ਵੀ ਰੋਕੇ। ਇਸ ਨਾਲ ਨਸ਼ਿਆਂ ਦੇ ਵਪਾਰ ਵਿੱਚ ਵੀ ਕਮੀ ਹੋ ਜਾਵੇਗੀ। ਸਰਕਾਰ ਦੇ ਨਾਲ ਨਾਲ ਲੋਕਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਇਨ੍ਹਾਂ ਦੁਕਾਨਾਂ ਦਾ ਵਿਰੋਧ ਕਰਨ ਅਤੇ ਉਨ੍ਹਾਂ ਨੂੰ ਆਪਣਾ ਧੰਦਾ ਬੰਦ ਕਰਨ ਲਈ ਮਜਬੂਰ ਕਰਨ। ਲੋਕਾਂ ਦੇ ਗੁੱਸੇ ਦਾ ਮੁਕਾਬਲਾ ਕਰਨਾ ਔਖਾ ਹੋ ਜਾਂਦਾ ਹੈ। ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਵਿਆਹਾਂ ਸਮੇਂ ਕੀਤੀ ਜਾਂਦੀ ਸ਼ਰਾਬ ਦੀ ਵਰਤੋਂ ਵਿਰੁੱਧ ਪ੍ਰਚਾਰ ਕਰਨਾ ਚਾਹੀਦਾ ਹੈ। ਪਿੰਡਾਂ ਦੀਆਂ ਪੰਚਾਇਤਾਂ ਅਤੇ ਸ਼ਹਿਰਾਂ ਦੀਆਂ ਕਮੇਟੀਆਂ ਵੀ ਅਜਿਹਾ ਕਾਰਜ ਕਰ ਸਕਦੀਆਂ ਹਨ। ਹੁਣ ਕਈ ਥਾਈਂ ਘੱਟ ਕੱਪੜਿਆਂ ਵਾਲੀਆਂ ਕੁੜੀਆਂ ਆਏ ਮਹਿਮਾਨਾਂ ਨੂੰ ਸ਼ਰਾਬ ਪੇਸ਼ ਕਰਦੀਆਂ ਹਨ। ਇਹ ਪੰਜਾਬੀ ਸੱਭਿਆਚਾਰ ਨਹੀਂ ਹੈ। ਸਰਕਾਰ ਦੇ ਨਾਲ ਸਮਾਜ ਦਾ ਵੀ ਫ਼ਰਜ਼ ਹੈ ਕਿ ਇਸ ਨੂੰ ਬੰਦ ਕਰਵਾਇਆ ਜਾਵੇ। ਪੰਜਾਬੀਆਂ ਨੂੰ ਨਸ਼ਿਆਂ ਦੇ ਚੁੰਗਲ ਵਿੱਚੋਂ ਕੱਢ ਕੇ ਕਿਰਤ ਦਾ ਸਤਿਕਾਰ ਕਰਨਾ ਸਿਖਾਉਣ ਦੀ ਲੋੜ ਹੈ।.