ਜੰਮੂ,09 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਅੱਜ ਕਿਹਾ ਕਿ ਮਹਿਬੂਬਾ ਮੁਫ਼ਤੀ ਦੀ ਅਗਵਾਈ ਵਾਲੀ ਪੀਡੀਪੀ-ਭਾਜਪਾ ਗੱਠਜੋੜ ਦੀ ਪਿਛਲੀ ਸਰਕਾਰ ਦੇ ਕੁਸ਼ਾਸਨ ਦੇ ਚਲਦਿਆਂ ਜੰਮੂ ਦੀ ਨਿਸਬਤ ਕਸ਼ਮੀਰ ਦੇ ਲੋਕਾਂ ’ਚ ਵਧੇਰੇ ਗੁੱਸਾ ਹੈ।
ਉਮਰ ਨੇ ਦਾਅਵਾ ਕੀਤਾ ਕਿ ਰਾਜ ਦੇ ਕਿਸੇ ਵੀ ਖਿੱਤੇ ਨੂੰ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਇਨਸਾਫ਼ ਨਹੀਂ ਮਿਲਿਆ। ਉਹ ਇਥੇ ਪਾਰਟੀ ਦੇ ਮਹਿਲਾ ਵਿੰਗ ਵੱਲੋਂ ਵਿਉਂਤੀ ਕਨਵੈਨਸ਼ਨ ਨੂੰ ਸੰਬੋਧਨ ਕਰ ਰਹੇ ਸਨ। ਸੂਬੇ ਦੇ ਸਾਬਕਾ ਮੁੱਖ ਮੰਤਰੀ ਨੇ ਭਾਜਪਾ ਤੇ ਪੀਡੀਪੀ ਉੱਤੇ ਪਾਖੰਡ ਤੇ ਦੋਹਰੇ ਮਾਪਦੰਡਾਂ ਲਈ ਹੱਲਾ ਬੋਲਦਿਆਂ ਕਿਹਾ ਕਿ ਤਿੰਨ ਸਾਲ ਮੌਕਾਪ੍ਰਸਤੀ ਵਾਲੇ ਗੱਠਜੋੜ ਦਾ ਭਾਈਵਾਲ ਬਣਨ ਮਗਰੋਂ ਹੁਣ ਦੋਵੇਂ ਪਾਰਟੀਆਂ ਜਨਤਕ ਤੌਰ ’ਤੇ ਇੱਕ-ਦੂਜੇ ਖਿਲਾਫ ਚਿੱਕੜ ਉਛਾਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੀ ਨਾਕਾਬਲੀਅਤ ਦਾ ਹੀ ਨਤੀਜਾ ਹੈ ਕਿ ਰਾਜ ਦੇ ਕਿਸੇ ਵੀ ਖਿੱਤੇ ਨੂੰ ਇਨਸਾਫ਼ ਨਹੀਂ ਮਿਲਿਆ। ਪਿਛਲੀ ਸਰਕਾਰ ਦੇ ਕੁਸ਼ਾਸਨ ਕਰਕੇ ਹੀ ਜੰਮੂ, ਕਸ਼ਮੀਰ ਤੇ ਲੱਦਾਖ ਖੇਤਰਾਂ ਦੇ ਲੋਕਾਂ ਦੀ ਦੁਰਦਸ਼ਾ ਹੋਈ ਹੈ ਤੇ ਉਨ੍ਹਾਂ ਨੂੰ ਨਾ ਤਾਂ ਇਨਸਾਫ਼ ਮਿਲਿਆ, ਉਪਰੋਂ ਉਨ੍ਹਾਂ ਨੂੰ ਵਿਕਾਸ ਤੇ ਜਵਾਬਦੇਹ ਪ੍ਰਸ਼ਾਸਨ ਤੋਂ ਵੀ ਕੋਰਾ ਰੱਖਿਆ ਗਿਆ।