ਨਵੀਂ ਦਿੱਲੀ,09 ਜੁਲਾਈ (ਪੰਜਾਬੀ ਟਾਈਮਜ਼ ਬਿਊਰੋ ) : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਅੱਜ ਇੱਥੇ ਕੇਂਦਰੀ ਜਲ ਤੇ ਨਦੀ ਵਿਕਾਸ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਹਰਿਆਣਾ ਦੀਆਂ ਜਲ ਯੋਜਨਾਵਾਂ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਗਈ।
ਕੇਂਦਰੀ ਮੰਤਰੀ ਨਾਲ ਮੁਲਾਕਾਤ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਖੱਟਰ ਨੇ ਕਿਹਾ ਕਿ ਬੀਐਮਐਲ ਹਾਂਸੀ-ਬੁਟਾਣਾ ਲਿੰਕ ਨਹਿਰ ਹਰਿਆਣਾ ਸੂਬੇ ਵਿੱਚ ਪਾਣੀ ਸਪਲਾਈ ਦੀ ਅਹਿਮ ਯੋਜਨਾ ਹੈ ਅਤੇ ਇਸ ਦਾ ਮਾਮਲਾ ਅਦਾਲਤ ਵਿੱਚ ਵਿਚਾਰਅਧੀਨ ਹੈ। ਉਨ੍ਹਾਂ ਕਿਹਾ ਕਿ ਜਲ ਯੋਜਨਾਵਾਂ ਵਿੱਚ ਕੇਂਦਰੀ ਜਲ ਕਮਿਸ਼ਨ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਅਤੇ ਇਸ ਕਰਕੇ ਲਿੰਕ ਨਹਿਰ ਦੇ ਸੰਦਰਭ ਵਿੱਚ ਹਰਿਆਣਾ ਸਰਕਾਰ ਵੱਲੋਂ ਕੇਂਦਰ ਸਰਕਾਰ ਤੋਂ ਸਹਿਯੋਗ ਦੀ ਅਪੀਲ ਕੀਤੀ ਗਈ ਹੈ। ਨਾਲ ਹੀ ਉਨ੍ਹਾਂ ਰੇਣੂਕਾ ਬੰਨ੍ਹ, ਕਿਸਾਊ ਬੰਨ੍ਹ ਤੇ ਲਖਵਾਰ ਬੰਨ੍ਹ ਦੇ ਨਿਰਮਾਣ ਕਾਰਜ ਵਿੱਚ ਤੇਜ਼ੀ ਲਿਆਉਣ ਦੀ ਅਪੀਲ ਵੀ ਕੀਤੀ ਹੈ ਤਾਂ ਜੋ ਹਰਿਆਣਾ ਦੇ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਵੱਧ ਸਕੇ। ਉਨ੍ਹਾਂ ਦੱਸਿਆ ਕਿ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈੱਸ ਵੇਅ ਦਾ ਕੰਮ ਜੁਲਾਈ ਮਹੀਨੇ ਦੌਰਾਨ ਪੂਰਾ ਹੋ ਜਾਵੇਗਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛੇਤੀ ਹੀ ਇਸ ਦਾ ਉਦਘਾਟਨ ਕਰਨਗੇ।
ਸ੍ਰੀ ਖੱਟਰ ਨੇ ਕੇਂਦਰੀ ਮੰਤਰੀ ਸ੍ਰੀ ਗਡਕਰੀ ਨਾਲ ਗੁਰੂਗ੍ਰਾਮ-ਦੁਆਰਕਾ ਐਕਸਪ੍ਰੈੱਸ ਵੇਅ, ਕਰਨਾਲ-ਕੈਥਲ ਅਤੇ ਕਰਨਾਲ-ਮੇਰਠ ਸੜਕ ਮਾਰਗਾਂ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਗੁਰੂਗ੍ਰਾਮ-ਦੁਆਰਕਾ ਐਕਸਪ੍ਰੈੱਸ ਵੇਅ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੱਖਣਗੇ। ਮੁੱਖ ਮੰਤਰੀ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਦਸੰਬਰ 2018 ਵਿੱਚ ਕੁਰੂਕਸ਼ੇਤਰ ’ਚ ਹੋਣ ਵਾਲੇ ਕੌਮਾਂਤਰੀ ਗੀਤਾ ਮਹਾਂਉਤਸਵ ਦੇ ਉਦਘਾਟਨ ਅਤੇ ਸਮਾਪਤੀ ਸਮਾਗਮ ਵਿੱਚ ਸ਼ਿਰਕਤ ਕਰਨ ਦਾ ਸੱਦਾ ਵੀ ਦਿੱਤਾ, ਜਿਸ ਨੂੰ ਕੇਂਦਰੀ ਮੰਤਰੀ ਨੇ ਸਵੀਕਾਰ ਕਰ ਲਿਆ।