ਇੱਕ ਜੰਗਲ ਵਿੱਚ ਸਾਰੇ ਜਾਨਵਰ ਮਿਲ ਜੁਲ ਕੇ ਰਹਿੰਦੇ ਸਨ। ਬਿੱਲੀ ਕੋਲ ਬਹੁਤ ਜ਼ਮੀਨ ਸੀ, ਪਰ ਉਹ ਬੁੱਢੀ ਹੋਣ ਕਾਰਨ ਕੋਈ ਫ਼ਸਲ ਨਹੀਂ ਉਗਾ ਸਕਦੀ ਸੀ। ਇਸ ਕਰਕੇ ਉਸਨੇ ਫੈ਼ਸਲਾ ਕੀਤਾ ਕਿ ਕਿਉਂ ਨਾ ਇਸ ਵਾਰ ਜ਼ਮੀਨ ਹਿੱਸੇ ’ਤੇ ਦੇ ਦਿੱਤੀ ਜਾਵੇ। ਇਸ ਲਈ ਉਸਨੂੰ ਵੀ ਕਾਫ਼ੀ ਫ਼ਸਲ ਆ ਜਾਏਗੀ ਤੇ ਹਿੱਸੇ ’ਤੇ ਕੰਮ ਕਰਨ ਵਾਲੇ ਨੂੰ ਵੀ। ਇਹ ਸੋਚ ਕੇ ਉਸਨੇ ਇਹ ਗੱਲ ਜੰਗਲ ਦੇ ਬਾਕੀ ਜਾਨਵਰਾਂ ਕੋਲ ਕੀਤੀ। ਸਾਰੇ ਜਾਨਵਰਾਂ ਨੂੰ ਬਿੱਲੀ ਦੀ ਇਹ ਸਲਾਹ ਕਾਫ਼ੀ ਚੰਗੀ ਲੱਗੀ।
ਸ਼ਾਮ ਨੂੰ ਹੀ ਬਾਂਦਰ, ਗਿੱਦੜ, ਲੂੰਬੜੀ ਅਤੇ ਚੂਹਾ ਜ਼ਮੀਨ ਹਿੱਸੇ ’ਤੇ ਲੈਣ ਲਈ ਬਿੱਲੀ ਦੇ ਘਰ ਆ ਪਹੁੰਚੇ ਤੇ ਖੇਤੀ ਕਰਨ ਦੇ ਆਪਣੇ ਆਪਣੇ ਤਜਰਬੇ ਬਿੱਲੀ ਨੂੰ ਦੱਸਣ ਲੱਗੇ। ਬਿੱਲੀ ਨੇ ਸਾਰਿਆਂ ਨੂੰ ਇਹ ਕਹਿ ਕੇ ਘਰ ਵਾਪਸ ਭੇਜ ਦਿੱਤਾ ਕਿ ਉਹ ਇਸ ਬਾਰੇ ਵਿਚਾਰ ਕਰਕੇ ਉਨ੍ਹਾਂ ਨੂੰ ਸੁਨੇਹਾ ਭਿਜਵਾ ਦੇਵੇਗੀ। ਬਿੱਲੀ ਨੇ ਸੋਚਿਆ ਕਿ ਬਾਂਦਰ, ਗਿੱਦੜ ਤੇ ਲੂੰਬੜੀ ਇਹ ਤਿੰਨੋਂ ਤਾਂ ਬਹੁਤ ਚਾਲਾਕ ਹਨ। ਇਨ੍ਹਾਂ ਨੇ ੳੁਸਦੇ ਪੱਲੇ ਕੁਝ ਨਹੀਂ ਪਾਉਣਾ। ਇਸ ਕਰਕੇ ਕਿਉਂ ਨਾ ਜ਼ਮੀਨ ਚੂਹੇ ਨੂੰ ਦੇ ਦਿੱਤੀ ਜਾਵੇ ਕਿਉਂਕਿ ਉਹ ਹੈ ਵੀ ਭੋਲਾ ਤੇ ਛੋਟਾ ਵੀ ਹੈ। ਉਹ ਉਸ ਨਾਲ ਕੋਈ ਚਲਾਕੀ ਨਹੀਂ ਕਰ ਸਕਦਾ। ਇਹ ਸੋਚ ਕੇ ਬਿੱਲੀ ਨੇ ਆਪਣੀ ਜ਼ਮੀਨ ਚੂਹੇ ਨੂੰ ਦੇ ਦਿੱਤੀ। ਅਗਲੇ ਦਿਨ ਤੋਂ ਹੀ ਚੂਹੇ ਨੇ ਖੇਤ ਅੰਦਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਫ਼ਸਲ ਬੀਜਣ ਦੀ ਤਿਆਰੀ ਕਰ ਲਈ। ਚੂਹੇ ਨੇ ਸੋਚਿਆ ਕਿ ਫ਼ਸਲ ਬੀਜਣ ਤੋਂ ਪਹਿਲਾਂ ਬਿੱਲੀ ਨਾਲ ਹਿੱਸੇ ਦੀ ਗੱਲ ਕਰ ਲਈ ਜਾਵੇ। ਇਹ ਸੋਚ ਕੇ ਉਹ ਬਿੱਲੀ ਕੋਲ ਆ ਗਿਆ। ਬਿੱਲੀ ਅਤੇ ਚੂਹੇ ਵਿੱਚ ਇਹ ਫੈ਼ਸਲਾ ਹੋਇਆ ਕਿ ਇਸ ਵਾਰ ਉਗਾਈ ਫ਼ਸਲ ਦਾ ਹੇਠਲਾ ਹਿੱਸਾ ਬਿੱਲੀ ਲਊਗੀ ਅਤੇ ਉੱਪਰ ਵਾਲਾ ਹਿੱਸਾ ਚੂਹਾ ਰੱਖੇਗਾ।
ਚੂਹੇ ਨੇ ਖੇਤ ਅੰਦਰ ਕਣਕ ਦੀ ਫ਼ਸਲ ਬੀਜ ਦਿੱਤੀ। ਫ਼ਸਲ ਦਾ ਝਾੜ ਚੰਗਾ ਹੋਣ ਕਰਕੇ ਬਿੱਲੀ ਅਤੇ ਚੂਹਾ ਬਹੁਤ ਖ਼ੁਸ਼ ਸਨ। ਜਦੋਂ ਕਣਕ ਪੱਕ ਗਈ ਤਾਂ ਚੂਹੇ ਨੇ ਫ਼ੈਸਲੇ ਮੁਤਾਬਿਕ ਉੱਤੋਂ ਉੱਤੋਂ ਕਣਕ ਕੱਟ ਲਈ ਅਤੇ ਜੜ੍ਹਾਂ ਬਿੱਲੀ ਲਈ ਛੱਡ ਦਿੱਤੀਆਂ। ਜਦੋਂ ਬਿੱਲੀ ਨੇ ਦੇਖਿਆ ਕਿ ਹੇਠਾਂ ਤਾਂ ਕੁਝ ਵੀ ਨਹੀਂ ਤਾਂ ਉਸਨੇ ਜੰਗਲ ਵਿੱਚ ਸਾਰੇ ਜਾਨਵਰਾਂ ਨੂੰ ਇਕੱਠਾ ਕਰਕੇ ਇੱਕ ਮੀਟਿੰਗ ਬੁਲਾਈ। ਸਾਰੇ ਜਾਨਵਰਾਂ ਨੇ ਬਿੱਲੀ ਦੀ ਗੱਲ ਸੁਣੀ ਅਤੇ ਫ਼ੈਸਲਾ ਕੀਤਾ ਕਿ ਇਸ ਵਾਰ ਉਗਾਈ ਫ਼ਸਲ ਦੀਆਂ ਜੜ੍ਹਾਂ ਚੂਹਾ ਲਊਗਾ ਤੇ ਉੱਪਰ ਉੱਗੀ ਫ਼ਸਲ ਬਿੱਲੀ ਕੱਟੂਗੀ। ਲੂੰਬੜੀ, ਗਿੱਦੜ ਅਤੇ ਬਾਂਦਰ ਇਹ ਸਭ ਦੇਖ ਰਹੇ ਸਨ ਤੇ ਖ਼ੁਸ਼ ਸਨ ਕਿਉਂਕਿ ਬਿੱਲੀ ਨੇ ਉਨ੍ਹਾਂ ਨੂੰ ਜ਼ਮੀਨ ਨਹੀਂ ਦਿੱਤੀ ਸੀ।
ਇਸ ਵਾਰ ਚਾਲਾਕ ਚੂਹੇ ਨੇ ਖੇਤ ਅੰਦਰ ਗਾਜਰਾਂ ਬੀਜ ਦਿੱਤੀਆਂ। ਜਦੋਂ ਫ਼ਸਲ ਪੱਕ ਗਈ ਤਾਂ ਚੂਹੇ ਨੇ ਬਿੱਲੀ ਨੂੰ ਕਿਹਾ ਕਿ ਉੱਪਰੋਂ ਉੱਪਰੋਂ ਹਿੱਸਾ ਕੱਟ ਲੈ ਅਤੇ ਜੜ੍ਹਾਂ ਮੇਰੇ ਲਈ ਛੱਡ ਦੇ। ਬਿੱਲੀ ਨੇ ਉੱਪਰੋਂ ਉੱਪਰੋਂ ਪੱਤੇ ਕੱਟ ਲਏ ਅਤੇ ਹੇਠਾਂ ਜੜ੍ਹਾਂ (ਗਾਜਰਾਂ) ਚੂਹੇ ਲਈ ਛੱਡ ਦਿੱਤੀਆਂ। ਚੂਹੇ ਨੇ ਕੁਝ ਗਾਜਰਾਂ ਆਪਣੇ ਘਰ ਰੱਖ ਕੇ ਬਾਕੀ ਦੀਆਂ ਮੰਡੀ ਵਿੱਚ ਵੇਚ ਕੇ ਕਾਫ਼ੀ ਪੈਸੇ ਕਮਾ ਲਏ, ਪਰ ਬਿੱਲੀ ਦੇ ਪੱਲੇ ਕੁਝ ਨਹੀਂ ਪਿਆ। ਜਦੋਂ ਬਿੱਲੀ ਨੂੰ ਚੂਹੇ ਦੀ ਇਸ ਚਾਲਾਕੀ ਦਾ ਪਤਾ ਲੱਗਾ ਤਾਂ ਉਹ ਬਹੁਤ ਪਛਤਾਈ ਅਤੇ ਮੁੜ ਤੋਂ ਉਸਨੂੰ ਜ਼ਮੀਨ ਨਾ ਦੇਣ ਦਾ ਫ਼ੈਸਲਾ ਕਰ ਲਿਆ। ਇਸ ਤੋਂ ਉਸਨੂੰ ਇਹ ਸਿੱਖਿਆ ਮਿਲੀ ਕਿ ਕਿਸੇ ਚਾਲਾਕ ਦੀਆਂ ਗੱਲਾਂ ਵਿੱਚ ਕਦੇ ਨਹੀਂ ਆਉਣਾ ਚਾਹੀਦਾ।