ਪੰਜਾਂ ਪਾਣੀਆਂ ਦੀ ਧਰਤੀ ਦੇ ਵਾਸੀ ਮੁੱਢ ਤੋਂ ਹੀ ਸਖ਼ਤ ਮਿਹਨਤੀ ਅਤੇ ਰੱਜ ਕੇ ਸ਼ੌਕੀਨੀ ਕਰਨ ਵਾਲੇ ਰਹੇ ਹਨ। ਇਸ ਧਰਤੀ ਦੇ ਜਾਇਆਂ ਦੀ ਉਪਜੀਵਕਾ ਦਾ ਮੁੱਖ ਸਾਧਨ ਖੇਤੀਬਾੜੀ ਹੋਣ ਕਰਕੇ ਇਹ ਲੋਕ ਧਰਤੀ ਦੇ ਢਿੱਡੋਂ ਸੋਨਾ ਅਤੇ ਹੀਰੇ ਮੋਤੀ ਕੱਢਣ ਲਈ ਲਗਪਗ ਸਾਰਾ ਸਾਲ ਜੀਅ ਤੋੜ ਮਿਹਨਤ ਕਰਦੇ ਰਹਿੰਦੇ ਹਨ। ਜਦੋਂ ਇਹ ਲੋਕ ਫ਼ਸਲਾਂ ਦੀ ਕਟਾਈ ਤੋਂ ਵਿਹਲੇ ਹੁੰਦੇ ਹਨ ਤਾਂ ਰੱਜ ਕੇ ਆਪਣੀਆਂ ਸ਼ੌਕੀਨੀਆਂ ਵੀ ਪੂਰੀਆਂ ਕਰਦੇ ਹਨ। ਸਾਰਾ ਸਾਲ ਅਣਥੱਕ ਕਮਾਈ ਕਰਨ ਕਰਕੇ ਆਪਣੀ ਸਰੀਰਿਕ ਅਤੇ ਦਿਮਾਗ਼ੀ ਥਕਾਵਟ ਨੂੰ ਲਾਹੁਣ ਲਈ ਪੰਜਾਬੀ ਹਮੇਸ਼ਾਂ ਤੋਂ ਹੀ ਲੋਕ ਨਾਚਾਂ ਦਾ ਸਹਾਰਾ ਲੈਂਦੇ ਰਹੇ ਹਨ। ਇੱਕ ਕਹਾਵਤ ਅਨੁਸਾਰ ਪੰਜਾਬੀਆਂ ਨੂੰ ਤਾਂ ਨੱਚਣ ਦਾ ਬਹਾਨਾ ਚਾਹੀਦਾ ਹੈ, ਉਹ ਨੱਚਣ ਲਈ ਹਰ ਵੇਲੇ ਤਿਆਰ ਹੀ ਰਹਿੰਦੇ ਹਨ। 1947 ਦੀ ਦੇਸ਼ ਵੰਡ ਅਤੇ 1966 ਦੀ ਸੂਬਾਈ ਵੰਡ ਤੋਂ ਬਾਅਦ ਅਜੋਕੇ ਯੁੱਗ ਦੇ ਛੋਟੇ ਜਿਹੇ ਪੰਜਾਬ ਵਿੱਚ ਮੁੱਖ ਤੌਰ ’ਤੇ ਭੰਗੜੇ ਅਤੇ ਗਿੱਧੇ ਨੂੰ ਹੀ ਪੰਜਾਬੀ ਲੋਕ ਨਾਚ ਆਖਿਆ ਜਾਂਦਾ ਹੈ।
ਜੇਕਰ ਆਪਾਂ ਆਪਣੇ ਵਿਰਸੇ ਵੱਲ ਝਾਤੀ ਮਾਰੀਏ ਤਾਂ ਸਾਨੁੂੰ ਪਤਾ ਲੱਗਦਾ ਹੈ ਕਿ ਸਾਡੇ ਸਾਂਝੇ ਪੰਜਾਬ ਵਿੱਚ ਭੰਗੜੇ ਅਤੇ ਗਿੱਧੇ ਤੋਂ ਇਲਾਵਾ ਲੁੱਡੀ, ਝੂਮਰ, ਸਿਆਲਕੋਟੀ ਭੰਗੜਾ, ਸੰਮੀ, ਮਲਵਈ ਗਿੱਧਾ ਆਦਿ ਲੋਕ ਨਾਚ ਬਹੁਤ ਪ੍ਰਸਿੱਧ ਰਹੇ ਹਨ। ਇਨ੍ਹਾਂ ਵਿੱਚੋਂ ਲੁੱਡੀ, ਸਿਆਲਕੋਟੀ ਭੰਗੜਾ, ਝੂਮਰ ਅਤੇ ਸੰਮੀ ਪੱਛਮੀ ਪੰਜਾਬ ਦੇ ਬਹੁਤ ਹੀ ਪ੍ਰਸਿੱਧ ਲੋਕ ਨਾਚ ਹਨ, ਜਿਹੜੇ 1947 ਦੀ ਵੰਡ ਦੌਰਾਨ ਮੁੱਖ ਤੌਰ ’ਤੇ ਪਾਕਿਸਤਾਨੀ ਪੰਜਾਬ (ਪੱਛਮੀ ਪੰਜਾਬ) ਵਿੱਚ ਹੀ ਰਹਿ ਗਏ।
ਮੌਜੂਦਾ ਪੰਜਾਬ ਦੇ ਮਲਵਈ ਇਲਾਕੇ ਵਿੱਚ ਅੱਜ ਵੀ ਲੁੱਡੀ ਪਾਉਣ ਦਾ ਥੋੜ੍ਹਾ ਬਹੁਤਾ ਰਿਵਾਜ ਹੈ। ਇਹ ਇੱਕ ਤਰ੍ਹਾਂ ਨਾਲ ਜਿੱਤ ਅਤੇ ਖ਼ੁਸ਼ੀ ਵਿੱਚ ਮਸਤੀ ਨਾਲ ਨੱਚਿਆ ਜਾਣ ਵਾਲਾ ਲੋਕ ਨਾਚ ਹੈ। ਇਸ ਵਿੱਚ ਢੋਲ ਮੱਧਮ ਸੁਰ ਵਿੱਚ ਤੇਜ਼ ਗਤੀ ਨਾਲ ਵਜਾਇਆ ਜਾਂਦਾ ਹੈ। ਲੁੱਡੀ ਪਾਉਣ ਵਾਲੇ ਆਪਣੇ ਮੋਢੇ, ਪੈਰ ਅਤੇ ਗੁੱਟ ਬੜੇ ਹੀ ਲਚਕੀਲੇ ਢੰਗ ਨਾਲ ਹਿਲਾਉਂਦੇ ਹੋਏ ਮਸਤੀ ਦੇ ਆਲਮ ਵਿੱਚ ਪਹੁੰਚ ਜਾਂਦੇ ਹਨ। ਸਾਂਝੇ ਪੰਜਾਬ ਵਿੱਚ ਗੱਭਰੂਆਂ ਵੱਲੋਂ ਪਿੰਡ ਤੋਂ ਬਾਹਰ ਕਿਸੇ ਖੁੱਲ੍ਹੇ ਪਿੜ ਵਿੱਚ ਚਾਨਣੀਆਂ ਰਾਤਾਂ ਨੂੰ ਲੁੱਡੀਆਂ ਪਾਈਆਂ ਜਾਂਦੀਆਂ ਸਨ,ਪਰ ਅਜੋਕੇ ਪੰਜਾਬ ਦੀ ਨੌਜੁਆਨ ਪੀੜੀ ਨੇ ਸ਼ਾਇਦ ‘ਲੁੱਡੀ’ ਸ਼ਬਦ ਹੀ ਨਾ ਸੁਣਿਆ ਹੋਵੇ।
ਝੁੂਮਰ ਪਾਕਿਸਤਾਨੀ ਪੰਜਾਬ ਦੇ ਸਾਂਦਲਬਾਰ ਇਲਾਕੇ ਦਾ ਲੋਕ ਨਾਚ ਹੈ। ਪੂਰਬੀ ਪੰਜਾਬ ਯਾਨੀ ਕਿ ਸਾਡੇ ਪੰਜਾਬ ਵਿੱਚ ਵੀ ਇਹ ਨਾਚ ਕਾਫ਼ੀ ਹਰਮਨਪਿਆਰਾ ਹੈ, ਪਰ ਪੱਛਮੀ ਪੰਜਾਬ ਵਿੱਚ ਝੂਮਰ ਆਪਣੀ ਹੋਂਦ ਬਚਾਉਣ ਲਈ ਲਗਾਤਾਰ ਸੰਘਰਸ਼ੀਲ ਹੈ। ਝੂਮਰ ਲੋਕ ਨਾਚ ਪਿੱਛੇ ਕਈ ਕਹਾਣੀਆਂ ਪ੍ਰਚੱਲਿਤ ਹਨ ਜਿਵੇਂ ਇੱਕ ਕਹਾਣੀ ਅਨੁਸਾਰ ਸ਼ਾਹਪੁਰ ਦਾ ਡਾਕੂ ਤੋਰਾ ਕਿਸੇ ਵੇਲੇ ਝੰਗ ਦੇ ਇਲਾਕੇ ਵਿੱਚ ਆਇਆ ਅਤੇ ਉਸ ਨੂੰ ਉੱਥੇ ਕਿਸੇ ਜਾਂਗਲੀ ਔਰਤ ਨਾਲ ਪਿਆਰ ਹੋ ਗਿਆ। ਜਦੋਂ ਉਹ ਡਾਕੂ ਉੱਥੋਂ ਚਲਾ ਗਿਆ ਤਾਂ ਪਿੱਛੋਂ ਜਾਂਗਲੀ ਔਰਤ ਦੇ ਮਨੋਭਾਵਾਂ ਨੇ ਬੋਲੀਆਂ ਦਾ ਰੂਪ ਧਾਰਨ ਕਰ ਲਿਆ, ਜਿਹੜੀਆਂ ਝੂਮਰ ਪਾਉਣ ਵੇਲੇ ਗਾਈਆਂ ਜਾਣ ਲੱਗੀਆਂ। ਝੂੰਮਰ ਢੋਲ ਦੇ ਡਗੇ ’ਤੇ ਨੱਚਿਆ ਜਾਣ ਵਾਲਾ ਨਾਚ ਹੈ, ਜੋ ਆਮ ਤੌਰ ’ਤੇ ਤਿੰਨ ਤਾਲਾਂ ਵਿੱਚ ਪਾਇਆ ਜਾਂਦਾ ਹੈ।
ਸੰਮੀ ਪਾਕਿਸਤਾਨੀ ਪੰਜਾਬ ਦੇ ਸਾਂਦਲਬਾਰ ਇਲਾਕੇ ਵਿੱਚ ਇਸਤਰੀਆਂ ਦਾ ਹਰਮਨਪਿਆਰਾ ਲੋਕ ਨਾਚ ਹੈ। ਪੱਛਮੀ ਪੰਜਾਬ ਵਿੱਚ ਅੱਜ ਵੀ ਕੁੜੀਆਂ ਇਕੱਠੀਆਂ ਹੋ ਕੇ ਸੰਮੀ ਪਾਉਂਦੀਆਂ ਹਨ। ਇਹ ਕੁੜੀਆਂ ਦਾ ਮਨਭਾਉਂਦਾ ਨਾਚ ਹੈ। ਪੂਰਬੀ ਪੰਜਾਬ ਵਿੱਚ ਤਾਂ ਕੇਵਲ ਟੀ.ਵੀ. ਅਤੇ ਫ਼ਿਲਮਾਂ ਵਿੱਚ ਹੀ ਇਹ ਨਾਚ ਜਿਉਂਦਾ ਹੈ। ਇਸ ਨਾਚ ਪਿੱਛੇ ਵੀ ਇੱਕ ਕਹਾਣੀ ਪ੍ਰਚੱਲਿਤ ਹੈ ਕਿ ਸੰਮੀ ਨਾਂ ਦੀ ਕੁੜੀ ਦਾ ਪਤੀ/ਪ੍ਰੇਮੀ ਉਸ ਨੂੰ ਛੱਡ ਕੇ ਦੂਰ ਚਲਾ ਗਿਆ ਸੀ, ਜਿਸ ਦੇ ਵਿਯੋਗ ਵਿੱਚ ਉਸਦੇ ਦਿਲੋਂ ਨਿਕਲੇ ਬੋਲਾਂ ਨੇ ਸੰਮੀ ਨਾਚ ਦੀਆਂ ਬੋਲੀਆਂ ਦਾ ਰੂਪ ਧਾਰ ਲਿਆ। ਜਿਵੇਂ
ਕੋਠੇ ਉੱਤੇ ਕੋਠੜਾ ਨੀ ਸੰਮੀਏ
ਕੋਠੇ ਤਪੇ ਤੰਦੂਰ ਨੀ ਸੰਮੀਏ
ਗਿਣ-ਗਿਣ ਲਾਵਾਂ ਪੂਰ ਨੀ ਸੰਮੀਏ
ਖਾਵਣ ਵਾਲਾ ਦੂਰ ਨੀ ਸੰਮੀਏ
ਸੰਮੀ ਮੇਰੀ ਵਾਰ ਮੈਂ ਵਾਰੀ
ਮੈਂ ਵਾਰੀ ਮੇਰੀ ਸੰਮੀਏ
ਇਸ ਨਾਚ ਵਿੱਚ ਕੁੜੀਆਂ ਬਾਹਾਂ ਵਿੱਚ ਬਾਹਾਂ ਪਾ ਕੇ ਇੱਕ ਪੈਰ ਨਾਲ ਤਾਲ ਦਿੰਦੀਆਂ ਹਨ ਅਤੇ ਨਾਲ ਦੀ ਨਾਲ ਇੱਕ ਚੱਕਰ ਦੀ ਸ਼ਕਲ ਵਿੱਚ ਘੁੰਮਣਾ ਸ਼ੁਰੂ ਕਰ ਦਿੰਦੀਆਂ ਹਨ। ਆਮ ਤੌਰ ’ਤੇ ਸੰਮੀ ਲਈ ਢੋਲਕੀ ਨੂੰ ਸਾਜ਼ ਦੇ ਤੌਰ ’ਤੇ ਵਰਤਿਆ ਜਾਂਦਾ ਹੈ।
ਸਿਆਲਕੋਟੀ ਭੰਗੜੇ ਦੇ ਨਾਂ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਨਾਚ ਪਾਕਿਸਤਾਨੀ ਪੰਜਾਬ ਦੇ ਸਿਆਲਕੋਟ ਇਲਾਕੇ ਨਾਲ ਸਬੰਧਤ ਹੈ। 1947 ਦੀ ਪੰਜਾਬ ਵੰਡ ਤੋਂ ਬਾਅਦ ਇਹ ਨਾਚ ਵੀ ਉੱਧਰ ਹੀ ਰਹਿ ਗਿਆ। ਇਹ ਬੜਾ ਹੀ ਰੌਚਕ ਤੇ ਦਮਦਾਰ ਨਾਚ ਹੈ। ਇਸ ਨੂੰ ਕਈ ਵਾਰ ਭਲਵਾਨਾਂ ਵਾਂਗ ਲੰਗੋਟ ਲਗਾ ਕੇ ਨੱਚਿਆ ਜਾਂਦਾ ਹੈ। ਇਸ ਨਾਚ ਵਿੱਚ ਭਲਵਾਨਾਂ ਵਾਂਗ ਕਮਾਏ ਹੋਏ ਜੁੱਸਿਆਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਸ਼ਾਇਦ ਇਸੇ ਲਈ ਪਹਿਲਾਂ ਪਹਿਲ ਇਸ ਨੁੂੰ ਭੰਗੜਾ ਪਾਉਣ ਦੀ ਥਾਂ ਭੰਗੜਾ ਮਾਰਨਾ ਕਿਹਾ ਜਾਂਦਾ ਸੀ। ਪੂਰਬੀ ਪੰਜਾਬ ਵਿੱਚ ਤਾਂ ਇਹ ਨਾਚ ਕਿਤੇ ਦੇਖਣ ਨੂੰ ਹੀ ਨਹੀਂ ਮਿਲਦਾ। ਅਜੋਕੀ ਨੌਜੁਆਨ ਪੀੜ੍ਹੀ ਨੂੰ ਸਾਡੇ ਵਿਰਾਸਤੀ ਲੋਕ ਨਾਚਾਂ ਬਾਰੇ ਜਾਣੂ ਕਰਾਉਣਾ ਸਮੇਂ ਦੀ ਮੁੱਖ ਲੋੜ ਹੈ। ਇਹ ਲੋਕ ਨਾਚ ਜਿੱਥੇ ਮਨਪ੍ਰਚਾਵੇ ਦਾ ਸਾਧਨ ਬਣਦੇ ਹਨ ਉੱਥੇ ਇੱਕ ਤੰਦਰੁਸਤ ਸਰੀਰ ਦਾ ਨਿਰਮਾਣ ਕਰਨ ਵਿੱਚ ਵੀ ਸਹਾਈ ਹੁੰਦੇ ਹਨ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਨਾਲ ਨਾਲ ਪਿੰਡ ਪੱਧਰ ’ਤੇ ਪੰਚਾਇਤਾਂ ਵੱਲੋਂ ਵੀ ਇਨ੍ਹਾਂ ਵਿਰਾਸਤੀ ਲੋਕ ਨਾਚਾਂ ਦੇ ਵੱਡੇ ਪੱਧਰ ’ਤੇ ਮੁਕਾਬਲੇ ਕਰਵਾ ਕੇ ਨੌਜੁਆਨ ਪੀੜ੍ਹੀ ਨੂੰ ਆਪਣੀਆਂ ਜੜਾਂ ਨਾਲ ਜੋੜਨ ਦੇ ਨਾਲ ਨਾਲ ਨਸ਼ਿਆਂ ਤੋਂ ਵੀ ਦੂਰ ਕਰਨ ਦਾ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ।