ਮਿਲਾਨ (ਇਟਲੀ),7 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਇਟਲੀ 'ਚ ਤਿੰਨ ਵੱਖ-ਵੱਖ ਹਾਦਸਿਆਂ 'ਚ ਘੱਟੋ-ਘੱਟ 17 ਮੌਤਾਂ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਬਲੋਨੀਆ ਸ਼ਹਿਰ ਦੇ ਬਾਹਰ ਅਤੇ ਹਵਾਈ ਅੱਡੇ ਨੇੜੇ ਸੜਕ 'ਤੇ ਇਕ ਟੈਂਕਰ ਦੇ ਅਚਾਨਕ ਫਟਣ ਕਾਰਨ ਜ਼ਬਰਦਸਤ ਧਮਾਕਾ ਹੋਇਆ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 55 ਜਣੇ ਜ਼ਖ਼ਮੀ ਹੋ ਗਏ | ਜ਼ੋਰਦਾਰ ਧਮਾਕੇ ਕਾਰਨ ਚਾਰੇ ਪਾਸੇ ਕਾਲਾ ਧੰੂਆਂ ਫੈਲ ਗਿਆ ਅਤੇ ਅੱਗ ਨੇ ਦੇਖਦਿਆਂ ਹੀ ਟੈਂਕਰ ਨੂੰ ਆਪਣੀ ਲਪੇਟ ਵਿਚ ਲੈ ਲਿਆ | ਇਸ ਧਮਾਕੇ ਨੇ ਜਿੱਥੇ ਸੜਕ ਦੇ ਪੁਲ ਨੂੰ ਢੇਰ ਕਰ ਦਿੱਤਾ, ਉੱਥੇ ਹੀ ਨੇੜੇ ਕਾਰਾਂ ਦੇ ਸ਼ੋਅ ਰੂਮ ਵਿਚ ਨਵੀਆਂ ਗੱਡੀਆਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ | ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਉੱਧਰ ਇਟਲੀ ਦੇ ਸ਼ਹਿਰ ਫੋਜਾ ਦੇ ਰੀਪਲਾਤਾ ਜੰਕਸ਼ਨ ਨੇੜੇ ਇਕ ਹਾਦਸੇ 'ਚ 12 ਲੋਕਾਂ ਦੀ ਮੌਤ ਹੋ ਗਈ | ਅੱਗ ਬੁਝਾਊ ਵਿਭਾਗ ਅਨੁਸਾਰ ਇਹ ਸਾਰੇ ਦੱਖਣੀ ਇਟਲੀ 'ਚ ਖੇਤਾਂ ਵਿਚ ਕੰਮ ਕਰਨ ਵਾਲੇ ਗ਼ੈਰ ਯੂਰਪੀ ਯੂਨੀਅਨ ਦੇ ਨਾਗਰਿਕ ਸਨ | ਇਟਾਲੀਅਨ ਮੀਡੀਆ ਦੀਆਂ ਖ਼ਬਰਾਂ ਅਨੁਸਾਰ ਜਦ ਮਜ਼ਦੂਰਾਂ ਨੂੰ ਉਨ੍ਹਾਂ ਦੇ ਕੈਂਪਾਂ 'ਚ ਵਾਪਸ ਲਿਜਾਇਆ ਜਾ ਰਿਹਾ ਸੀ ਤਾਂ ਉਦੋਂ ਉਨ੍ਹਾਂ ਦੀ ਵੈਨ ਇਕ ਟਰੱਕ ਨਾਲ ਟਕਰਾਅ ਗਈ | ਤੀਜੀ ਦੁਰਘਟਨਾ ਟਮਾਟਰ ਨਾਲ ਭਰੇ ਇਕ ਟਰੱਕ ਦੀ ਹੈ, ਜਿਸ ਵਿਚ 4 ਅਫਰੀਕੀ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 4 ਹੋਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ | ਜ਼ਿਕਰਯੋਗ ਹੈ ਕਿ ਗਰਮੀਆਂ ਵਿਚ ਯੂਰਪ ਅਤੇ ਅਫਰੀਕਾ ਤੋਂ ਹਜ਼ਾਰਾਂ ਮਜ਼ਦੂਰ ਟਮਾਟਰ ਤੋੜਨ ਦਾ ਕੰਮ ਕਰਨ ਲਈ ਆਉਂਦੇ ਹਨ | ਪ੍ਰਧਾਨ ਮੰਤਰੀ ਜੁਸੇਪੇ ਕੋਂਤੇ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਫੋਜੇ ਜਾਣਗੇ ਤੇ ਪੀੜਤ ਲੋਕਾਂ ਨੂੰ ਮਿਲਣਗੇ |