ਲੰਡਨ,9 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) :ਲਗਾਤਾਰ ਮੀਂਹ ਕਾਰਨ ਭਾਰਤ ਅਤੇ ਇੰਗਲੈਂਡ ਵਿਚਾਲੇ ਦੂਜਾ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਅੱਜ ਇੱਥੇ ਲਾਰਡ’ਜ਼ ਵਿੱਚ ਸ਼ੁਰੂਆਤੀ ਦੋ ਸੈਸ਼ਨ ਵਿੱਚ ਇੱਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ। ਲੰਡਨ ਵਿੱਚ ਬੀਤੀ ਰਾਤ ਤੋਂ ਹੀ ਮੀਂਹ ਕਾਰਨ ਖਿਡਾਰੀ ਸਵੇਰੇ ਕਸਰਤ ਲਈ ਨਹੀਂ ਆਏ। ਮੈਚ ਅਧਿਕਾਰੀਆਂ ਨੇ ਤੈਅ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਹੀ ਲੰਚ ਬ੍ਰੇਕ ਲੈਣ ਦਾ ਫ਼ੈਸਲਾ ਕੀਤਾ। ਲੰਚ ਮਗਰੋਂ ਵੀ ਲਗਾਤਾਰ ਮੀਂਹ ਪੈਂਦਾ ਰਿਹਾ, ਜਿਸ ਕਾਰਨ ਖੇਡ ਸ਼ੁਰੂ ਨਹੀਂ ਹੋ ਸਕਿਆ।
ਵਿਰਾਟ ਕੋਹਲੀ, ਦਿਨੇਸ਼ ਕਾਰਿਤਕ, ਸ਼ਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਅਲਸਟੇਅਰ ਕੁੱਕ ਅਤੇ ਕੀਟੋਨ ਜੇਨਿੰਗਜ਼ ਸਣੇ ਕੁੱਝ ਖਿਡਾਰੀਆਂ ਨੇ ਇੰਡੋਰ ਨੈੱਟਸ ’ਤੇ ਕੁੱਝ ਸਮਾਂ ਬਿਤਾਇਆ। ਲਾਰਡ’ਜ਼ ਵਿੱਚ ਡ੍ਰੇਨੇਜ਼ ਦੀ ਸ਼ਾਨਦਾਰ ਪ੍ਰਬੰਧ ਹੈ ਅਤੇ ਹਾਲਤਾਂ ਵਿੱਚ ਸੁਧਾਰ ਦੇ ਨਾਲ ਹੀ ਕੀਤੀ ਸਕਦਾ ਹੈ। ਚਾਹ ਦੇ ਆਰਾਮ ਦਾ ਸਮਾਂ ਖ਼ਤਮ ਹੋਣ ਮਗਰੋਂ ਮੌਸਮ ਕੁੱਝ ਸਾਫ਼ ਹੋਇਆ ਅਤੇ ਮੀਂਹ ਕੁੱਝ ਘੱਟ ਗਿਆ। ਅੰਪਾਇਰਾਂ ਨੇ ਇਸ ਦੌਰਾਨ ਬਾਹਰ ਆ ਕੇ ਮੈਦਾਨ ਕਰਮਚਾਰੀਆਂ ਨਾਲ ਗੱਲ ਵੀ ਕੀਤੀ, ਜੋ ਗਰਾਉਂਡ ਵਿੱਚੋਂ ਪਾਣੀ ਕੱਢ ਰਹੇ ਸਨ। ਇਸ ਪੂਰੇ ਹਫ਼ਤੇ ਅਤੇ ਸੋਮਵਾਰ ਨੂੰ ਵੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।