ਲੰਬੀ, 9 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਬਾਦਲਾਂ ਦੇ ਨੇੜਲੇ ਜ਼ਿਲ੍ਹਾ ਪਰਿਸ਼ਦ ਕਿੱਲਿਆਂਵਾਲੀ ਜ਼ੋਨ ਤੋਂ ਜੇਤੂ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਤੇਜਿੰਦਰ ਸਿੰਘ ਮਿੱਡੂਖੇੜਾ ’ਤੇ ਪੰਜਾਬ ਪੁਲੀਸ ਦੇ ਏਐੱਸਆਈ ਸ਼ਮਸ਼ੇਰ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਹੈ। ਅਕਾਲੀ ਆਗੂ ’ਤੇ ਦੋਸ਼ ਹਨ ਕਿ ਉਸ ਨੇ ਸਰਕਾਰੀ ਡਿਊਟੀ ’ਚ ਵਿਘਨ ਪਾਇਆ, ਪੁਲੀਸ ਮੁਲਾਜ਼ਮ ਦਾ ਮੋਬਾਈਲ ਖੋਹਿਆ ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਮਾਮਲੇ ਵਿਚ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਰਾਜਨ ਅਤੇ ਹੋਰ 60-70 ਅਪਣਛਾਤੇ ਵਿਅਕਤੀ ਕਾਨੂੰਨੀ ਸ਼ਿਕੰਜੇ ਫਸਦੇ ਨਜ਼ਰ ਆ ਰਹੇ ਹਨ। ਪੁਲੀਸ ਨੇ ਇਹ ਪਰਚਾ ਡਿਪਟੀ ਜ਼ਿਲ੍ਹਾ ਅਟਾਰਨੀ ਦੀ ਰਾਇ ਮਗਰੋਂ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ 19 ਸਤੰਬਰ ਨੂੰ ਜ਼ਿਲ੍ਹਾ ਪਰਿਸ਼ਦ/ਬਲਾਕ ਸਮਿਤੀ ਚੋਣਾਂ ਸਮੇਂ ਲੰਬੀ ਹਲਕੇ ਦੇ ਕਸਬੇ ਮੰਡੀ ਕਿੱਲਿਆਂਵਾਲੀ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ (ਬੂਥ ਨੰਬਰ-48) ’ਤੇ ਤਾਇਨਾਤ ਏਐੱਸਆਈ ਸ਼ਮਸ਼ੇਰ ਸਿੰਘ ਨੇ ਚੋਣ ਅਬਜ਼ਰਵਰ ਕੋਲ ਲਿਖਤੀ ਸ਼ਿਕਾਇਤ ਕੀਤੀ ਸੀ, ਜਿਸ ਵਿੱਚ ਉਸ ਨੇ ਦੋਸ਼ ਲਾਇਆ ਸੀ ਕਿ ਸਵੇਰੇ ਕਰੀਬ 11 ਵਜੇ ਅਚਾਨਕ 60/70 ਆਦਮੀ ਆਏ, ਜਿਨ੍ਹਾਂ ਵਿੱਚ ਤੇਜਿੰਦਰ ਸਿੰਘ ਮਿੱਡੂਖੇੜਾ, ਰਾਜਨ, ਸੁਖਬੀਰ ਸਿੰਘ ਬਾਦਲ ਸ਼ਾਮਲ ਸਨ।
ਤੇਜਿੰਦਰ ਸਿੰਘ ਮਿੱਡੂਖੇੜਾ ਦਾ ਕਹਿਣਾ ਸੀ ਕਿ ਜ਼ਿਲ੍ਹਾ ਪਰਿਸ਼ਦ ਚੋਣ ਮੌਕੇ ਪੁਲੀਸ ਦੀ ਮਿਲੀਭੁਗਤ ਨਾਲ ਕਾਂਗਰਸੀਆਂ ਨੇ ਬੂਥਾਂ ’ਤੇ ਕਬਜ਼ੇ ਕੀਤੇ ਸਨ, ਜਿਸ ਨੂੰ ਰੋਕਣ ਸਬੰਧੀ ਉਹ ਲੋਕ ਚੋਣ ਅਬਜ਼ਰਵਰ ਵਿਨੀਤ ਕੁਮਾਰ ਦੇ ਨਾਲ ਉਨ੍ਹਾਂ ਦੀ ਹਾਜ਼ਰੀ ਵਿੱਚ ਬੂਥਾਂ ’ਤੇ ਗਏ ਸਨ। ਉਨ੍ਹਾਂ ਕਿਹਾ ਕਿ ਪੁਲੀਸ ਮੁਲਾਜ਼ਮ ਮੋਬਾਈਲ ਖੋਹਣ ਦੇ ਬੇਬੁਨਿਆਦ ਦੋਸ਼ ਲਾ ਰਹੇ ਹਨ। ਮਿੱਡੂਖੇੜਾ ਨੇ ਆਖਿਆ ਕਿ ਉਨ੍ਹਾਂ ਜ਼ਿਲ੍ਹਾ ਪੁਲੀਸ ਅਤੇ ਡੀਜੀਪੀ ਨੂੰ ਪੁਲੀਸ ਅਮਲੇ ਦੀ ਕਾਰਗੁਜ਼ਾਰੀ ਖ਼ਿਲਾਫ਼ ਲਈ ਲਿਖਤੀ ਸ਼ਿਕਾਇਤ ਕੀਤੀ ਹੋਈ ਹੈ।