ਨਵੀਂ ਦਿੱਲੀ, 11 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਜਪਾ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ’ਤੇ ਕੌਮੀ ਸੁਰੱਖਿਆ ਦੀ ਖਿੱਲੀ ਉਡਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਰਾਫ਼ਾਲ ਲੜਾਕੂ ਜਹਾਜ਼ਾਂ ਦੇ ਸੌਦੇ ਬਾਰੇ ਝੂਠ ਬੋਲ ਕੇ ਆਪਣਾ ਸਿਆਸੀ ਕਰੀਅਰ ਚਮਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਭਾਜਪਾ ਦੇ ਕੌਮੀ ਤਰਜਮਾਨ ਸੰਬਿਤ ਪਾਤਰਾ ਨੇ ਪ੍ਰੈਸ ਕਾਨਫਰੰਸ ਵਿਚ ਆਖਿਆ ਕਿ ਕਾਂਗਰਸ ਪ੍ਰਧਾਨ ਖ਼ੁਦ ਦਲਾਲਾਂ ਦੇ ਖ਼ਾਨਦਾਨ ’ਚੋਂ ਆਉਂਦੇ ਹਨ। ਸ੍ਰੀ ਪਾਤਰਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਪਰਿਵਾਰ ਨੇ 2014 ਤੋਂ ਪਹਿਲਾਂ ਹੋਏ ਹਰੇਕ ਰੱਖਿਆ ਸੌਦੇ ’ਚੋਂ ਦਲਾਲੀ ਖਾਧੀ ਹੈ। ਉਨ੍ਹਾਂ ਕਿਹਾ ਕਿ ਏਅਰ ਚੀਫ ਮਾਰਸ਼ਲ ਬੀਐਸ ਧਨੋਆ ਰਾਫ਼ਾਲ ਸੌਦੇ ਨੂੰ ‘ਗੇਮ ਚੇਂਜਰ’ ਦੱਸ ਰਹੇ ਹਨ ਜਦਕਿ ਸ੍ਰੀ ਗਾਂਧੀ ਬਿਲਕੁਲ ਉਲਟ ਕਹਿ ਰਹੇ ਹਨ। ਹੁਣ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਉਹ ਏਅਰ ਚੀਫ ਮਾਰਸ਼ਲ ’ਤੇ ਯਕੀਨ ਕਰਦੇ ਹਨ ਜਾਂ ਰਾਹੁਲ ਗਾਂਧੀ ’ਤੇ।