ਦੇਹਰਾਦੂਨ, 11 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਵਾਤਾਵਰਨ ਪੇ੍ਮੀ ਪ੍ਰੋ. ਜੀ.ਡੀ. ਅਗਰਵਾਲ (87) ਜੋ ਗੰਗਾ ਨੂੰ ਬਚਾਉਣ ਸਬੰਧੀ 111 ਦਿਨਾਂ ਤੋਂ ਭੁੱਖ ਹੜਤਾਲ ’ਤੇ ਸਨ, ਦਾ ਅੱਜ ਰਿਸ਼ੀਕੇਸ਼ ਦੇ ਏਮਜ਼ ਵਿੱਚ ਦੇਹਾਂਤ ਹੋ ਗਿਆ। ਆਈਆਈਟੀ ਪ੍ਰੋਫੈਸਰ ਤੋਂ ਸੰਨਿਆਸੀ ਬਣੇ ਅਗਰਵਾਲ ਨੂੰ ਸਵਾਮੀ ਗਿਆਨ ਸਰੂਪ ਸਦਾਨੰਦ ਵਜੋਂ ਜਾਣਿਆ ਜਾਂਦਾ ਸੀ। ਉਨ੍ਹਾਂ 22 ਜੂਨ ਨੂੰ ਆਪਣੀ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਅਤੇ ਅਕਤੂਬਰ ਵਿੱਚ ਪਾਣੀ ਤਿਆਗਣ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਹਰਿਦੁਆਰ ਦੇ ਸੰਸਦ ਮੈਂਬਰ ਰਮੇਸ਼ ਪੋਖਰੀਆਲ ਨਿਸ਼ੰਕ ਵੱਲੋਂ ਭੁੱਖ ਹੜਤਾਲ ਸਮਾਪਤ ਕਰਨ ਦੀ ਬੇਨਤੀ ਠੁਕਰਾ ਦਿੱਤੀ ਸੀ। ਉਹ ਗੰਗਾ ਨਦੀ ਨੂੰ ਬਚਾਉਣ ਲਈ ਬਜ਼ਿੱਦ ਸਨ। ਪਾਣੀ ਦਾ ਤਿਆਗ ਕਰਨ ਅਤੇ ਖਰਾਬ ਹੁੰਦੀ ਸਿਹਤ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਬੁੱਧਵਾਰ ਨੂੰ ਉਨ੍ਹਾਂ ਨੂੰ ਭੁੱਖ ਹੜਤਾਲ ਵਾਲੀ ਥਾਂ ਤੋਂ ਚੁੱਕ ਕੇ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਹਸਪਤਾਲ ਵਿੱਚ ਮੌਜੂਦ ਪ੍ਰੋ. ਅਗਰਵਾਲ ਦੇ ਪ੍ਰਸ਼ੰਸਕਾਂ ਨੇ ਦੱਸਿਆ ਕਿ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਕੁਝ ਘੰਟੇ ਪਹਿਲਾਂ ਹੀ ਹੋ ਗਈ ਸੀ ਪਰ ਡਾਕਟਰਾਂ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਤਿੰਨ ਘੰਟੇ ਤੋਂ ਵੀ ਵਧ ਸਮੇਂ ਬਾਅਦ ਕੀਤੀ। ਪ੍ਰੋ. ਅਗਰਵਾਲ ਆਈਆਈਟੀ ਕਾਨਪੁਰ ਵਿੱਚ ਸਿਵਲ ਇੰਜਨੀਅਰਿੰਗ ਡਿਪਾਰਟਮੈਂਟ ਦੇ ਮੁਖੀ ਰਹੇ ਹਨ ਅਤੇ ਉਹ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਪਹਿਲੇ ਸਕੱਤਰ ਮੈਂਬਰ ਸਨ। ਉਨ੍ਹਾਂ ਆਪਣਾ ਸਰੀਰ ਏਮਜ਼ ਰਿਸ਼ੀਕੇਸ਼ ਨੂੰ ਦਾਨ ਕੀਤਾ ਹੈ।