ਸ੍ਰੀ ਮੁਕਤਸਰ ਸਾਹਿਬ, 11 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਪਿੰਡ ਖੁੰਡੇ ਹਲਾਲ ਦੀ 8 ਕਿੱਲੇ ਪੰਚਾਇਤੀ ਜ਼ਮੀਨ ਨੂੰ ਮਾਲਕੀ ਦਾ ਹੱਕ ਦੇਣ ਦਾ ਮਸਲਾ ਦਿਨੋ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਇਸ ਮਸਲੇ ਨੂੰ ਲੈ ਕੇ ਸੰਘਰਸ਼ ਕਰ ਰਹੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਦਾ ਪੱਖ ਹੈ ਕਿ ਇਹ ਜ਼ਮੀਨ ਪੰਚਾਇਤ ਦੀ ਮਾਲਕੀ ਹੋਣ ਦੇ ਬਾਵਜੂਦ ਪਿੰਡ ਦੇ ਇਕ ਧਨਾਢ ਜ਼ਿੰਮੀਦਾਰ ਪਰਿਵਾਰ ਵੱਲੋਂ ਪਹਿਲਾਂ ਤਾਂ ਕਈ ਦਹਾਕੇ ਕਥਿਤ ਧੱਕੇ ਨਾਲ ਆਪਣੇ ਕਬਜ਼ੇ ਹੇਠ ਰੱਖੀ ਗਈ ਤੇ ਹੁਣ ਕਥਿਤ ਮਾਲ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਇਹ ਜ਼ਮੀਨ ਆਪਣੇ ਨਾਂ ਇੰਤਕਾਲ ਕਰਵਾ ਲਈ ਹੈ।
ਯੂਨੀਅਨ ਦੇ ਆਗੂ ਤਰਸੇਮ ਸਿੰਘ ਖੁੰਡੇ ਹਲਾਲ, ਕਾਕਾ ਸਿੰਘ ਖੁੰਡੇ ਹਲਾਲ, ਕਾਲਾ ਸਿੰਘ ਖੂਨਣ ਖੁਰਦ, ਜਗਸੀਰ ਸਿੰਘ ਲੱਖੇਵਾਲੀ, ਬਾਜ ਸਿੰਘ ਭੁੱਟੀਵਾਲਾ ਹੋਰਾਂ ’ਤੇ ਆਧਾਰਿਤ ਇੱਕ ਵਫਦ ਨੇ ਅੱਜ ਵਧੀਕ ਡਿਪਟੀ ਮਿਸ਼ਨਰ ਡਾ. ਰਿਚਾ ਸ਼ਰਮਾ ਨੂੰ ਮਿਲ ਕੇ ਦੱਸਿਆ ਕਿ ਇਸ ਜ਼ਮੀਨ ਉਪਰ ਕਥਿਤ ਧੱਕੇ ਨਾਲ ਕਬਜ਼ਾ ਕਰਨ ਤੇ ਮਾਲਕੀ ਤਬਦੀਲ ਕਰਾਉਣ ਸਬੰਧੀ ਜਥੇਬੰਦੀ ਵੱਲੋਂ 18 ਮਈ 2018 ਨੂੰ ਡਿਪਟੀ ਕਮਿਸ਼ਨਰ ਤੇ ਵਿਜੀਲੈਂਸ ਨੂੰ ਸੂਚਨਾ ਦਿੱਤੀ ਗਈ ਸੀ ਪਰ ਇਸਦੀ ਪੜਤਾਲ ਦੌਰਾਨ ਹੀ 3 ਜੁਲਾਈ ਨੂੰ ਇਸ ਜ਼ਮੀਨ ਦਾ ਇੰਤਕਾਲ ਮੰਨਜੂਰ ਕਰਕੇ ਨਾਜਾਇਜ ਕਾਬਜ਼ਕਾਰਾਂ ਦੇ ਨਾਂ ਚੜ੍ਹਾ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਇਸ ਜ਼ਮੀਨ ਦੀ ਅਸਲ ਹੱਕਦਾਰ ਪੰਚਾਇਤ ਹੈ ਤੇ ਪੰਚਾਇਤ ਇਹ ਜ਼ਮੀਨ ਬੇਘਰੇ ਲੋਕਾਂ ਦੇ ਮਕਾਨ ਬਣਾਉਣ ਲਈ ਪਲਾਟ ਕੱਟਣ ਵਾਸਤੇ ਵਰਤਨਾ ਚਾਹੁੰਦੀ ਸੀ ਪਰ ਹੁਣ ਇਹ ਸਾਰਾ ਮਾਮਲਾ ਰੁਲ ਗਿਆ ਹੈ।
ਉਨ੍ਹਾਂ ਮੰਗ ਕੀਤੀ ਕਿ ਪੰਚਾਇਤੀ ਜ਼ਮੀਨ ਦਾ ਕਥਿਤ ਗੈਰ ਕਾਨੂੰਨੀ ਇੰਤਕਾਲ ਪ੍ਰਾਈਵੇਟ ਮਾਲਕਾਂ ਦੇ ਨਾਂ ਕਰਨ ਵਾਲੇ ਮਾਲ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤੇ ਜ਼ਮੀਨ ਦਾ ਇੰਤਕਾਲ ਮੁੜ ਪੰਚਾਇਤ ਦੇ ਨਾਂ ਕਰਵਾਇਆ ਜਾਵੇ।
ਇਸ ਮਾਮਲੇ ਦੀ ਪੜਤਾਲ ਕਰ ਰਹੇ ਸਹਾਇਕ ਕਮਿਸ਼ਨਰ ਜਨਰਲ ਵੀਰਪਾਲ ਕੌਰ ਨੇ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਚੱਲ ਰਹੀ ਹੈ, ਪੜਤਾਲ ਮੁਕੰਮਲ ਹੋਣ ਮਗਰੋਂ ਹੀ ਕਾਰਵਾਈ ਕੀਤੀ ਜਾਵੇਗੀ।