ਕੋਮਲ ਤੇ ਰਾਜੂ ਦੇ ਘਰ ਜਿਸ ਦਿਨ ਤੋਂ ਐੱਲ.ਈ.ਡੀ. ਟੈਲੀਵਿਜ਼ਨ ਆ ਗਿਆ ਤਾਂ ਉਨ੍ਹਾਂ ਦਾ ਪੂਰਾ ਪਰਿਵਾਰ ਬੜਾ ਖੁਸ਼ ਸੀ। ਉਹ ਦੋਵੇਂ ਭੈਣ ਭਰਾ ਹਾਲੀ ਛੋਟੀਆਂ ਜਮਾਤਾਂ ’ਚ ਹੀ ਪੜ੍ਹਦੇ ਸਨ। ਉਨ੍ਹਾਂ ਦੇ ਪਾਪਾ ਬੈਂਕ ’ਚ ਨੌਕਰੀ ਕਰਦੇ ਸਨ ਜਿਨ੍ਹਾਂ ਨੇ ਪਿਛਲੇ ਸਾਲ ਕੋਮਲ ਤੇ ਰਾਜੂ ਨਾਲ ਵਾਅਦਾ ਕੀਤਾ ਸੀ ਕਿ ਐਤਕੀਂ ਦੀਵਾਲੀ ਦੇ ਨੇੜੇ ਉਨ੍ਹਾਂ ਨੂੰ ਐੱਲ.ਈ.ਡੀ. ਟੈਲੀਵਿਜ਼ਨ, ਜਿਸ ਨੂੰ ਦੋਵੇਂ ਭੈਣ-ਭਰਾ ਵੱਡਾ ਟੀ.ਵੀ. ਕਹਿੰਦੇ ਸਨ, ਲੈ ਕੇ ਦੇਣਗੇ। ਦੀਵਾਲੀ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਘਰ ਵੱਡਾ ਟੀ.ਵੀ. ਆ ਗਿਆ।
ਉਨ੍ਹਾਂ ਦੇ ਪਹਿਲੇ ਟੀ.ਵੀ. ਦੇ ਮੁਕਾਬਲੇ ਇਸ ਦੀ ਸਕਰੀਨ ਕਾਫ਼ੀ ਵੱਡੀ ਸੀ ਜਿਸ ’ਤੇ ਪ੍ਰੋਗਰਾਮ ਦੇਖਣ ਦਾ ਉਨ੍ਹਾਂ ਨੂੰ ਬੜਾ ਮਜ਼ਾ ਆਉਂਦਾ ਸੀ। ਹੁਣ ਦਾਦੀ ਜੀ ਤੇ ਮੰਮੀ ਵੀ ਆਪਣੇ ਪ੍ਰੋਗਰਾਮ ਬੜੀ ਦਿਲਚਸਪੀ ਨਾਲ ਦੇਖਦੇ ਸਨ। ਉਨ੍ਹਾਂ ਦੇ ਘਰ ਦਾ ਸਭ ਤੋਂ ਪਿਆਰਾ ਤੇ ਮਹੱਤਵਪੂਰਨ ਮੈਂਬਰ ਸੀ ‘ਕਿਊਟੀ’ ਜੋ ਚਿੱਟੀ ਤੇ ਕਾਲੀ ਫਰ ਵਾਲੀ ਖ਼ੂਬਸੂਰਤ ਬਿੱਲੀ ਸੀ। ਬੱਚੇ ਉਸ ਨਾਲ ਬੜੀਆਂ ਲਾਡੀਆਂ ਕਰਦੇ, ਕਿਊਟੀ ਵੀ ‘ਮਿਆਂਊਂ ਮਿਆਂਊਂ’ ਕਰਕੇ ਪਿਆਰ ਤੇ ਗੁੱਸਾ ਜਤਾਉਂਦੀ।
ਦੋਵੇਂ ਭੈਣ-ਭਰਾ ਜਦੋਂ ਸਕੂਲੋਂ ਘਰ ਆਉਂਦੇ ਤਾਂ ਕਿਊਟੀ ਨੂੰ ਇਕ ਦੂਜੇ ਤੋਂ ਪਹਿਲਾਂ ਚੁੱਕਣ ਤੋਂ ਲੜ ਪੈਂਦੇ। ਉਸ ਤੋਂ ਬਾਅਦ ਤਿੰਨੋਂ ਇਕੱਠੇ ਹੀ ਰਹਿੰਦੇ।
ਨਵਾਂ ਤੇ ਵੱਡਾ ਟੈਲੀਵਿਜ਼ਨ ਹੋਣ ਕਰਕੇ ਸਭ ਨੂੰ ਹੀ ਦੇਖਣ ਦਾ ਬੜਾ ਚਾਅ ਸੀ। ਇਸ ਲਈ ਕੋਮਲ ਤੇ ਰਾਜੂ ਬਿਨਾਂ ਆਰਾਮ ਕੀਤਿਆਂ, ਥੋੜ੍ਹਾ ਬਹੁਤ ਕੁਝ ਖਾ ਪੀ ਕੇ ਤੇ ਸਕੂਲ ਦਾ ਕੰਮ ਮੁਕਾ ਕੇ ਟੀ.ਵੀ. ਅੱਗੇ ਬੈਠ ਜਾਂਦੇ। ਉਹ ਆਪਣੀ ਦਾਦੀ ਤੇ ਮਾਂ ਲਾਗੇ ਬੈੱਡ ’ਤੇ ਬੈਠ ਜਾਂਦੇ। ਬੈੱਡ ਦੇ ਨੇੜੇ ਹੀ ਇਕ ਕੁਰਸੀ ’ਤੇ ਕਿਊਟੀ ਬੈਠ ਜਾਂਦੀ। ਬੱਚਿਆਂ ਨੂੰ ਕਾਰਟੂਨਾਂ ਵਾਲਾ ਚੈਨਲ ਜ਼ਿਆਦਾ ਪਸੰਦ ਸੀ,ਇਸ ਲਈ ਉਹ ਇਹੀ ਲਾਉਂਦੇ। ਕਿਊਟੀ ਵੀ ਕਾਰਟੂਨਾਂ ਦੀਆਂ ਹਰਕਤਾਂ ਦਾ ਪੂਰਾ ਆਨੰਦ ਮਾਣਦੀ। ਉਹ, ਬੱਚਿਆਂ ਵਾਂਗ ਹੀ ਉਤਸੁਕ ਹੋ ਕੇ ਪ੍ਰੋਗਰਾਮ ਦੇਖਦੀ, ਜੇ ਕਿਧਰੇ ਕੁੱਤੇ ਜਾਂ ਹੋਰ ਡਰਾਉਣੇ ਜਾਨਵਰ ਦੀ ਤਸਵੀਰ ਦੇਖ ਲੈਂਦੀ ਤਾਂ ਆਪਣਾ ਚਿਹਰਾ ਕੁਰਸੀ ਵਿਚ ਲੁਕਾ ਲੈਂਦੀ।
ਇਕ ਦਿਨ ਇਸ ਤਰ੍ਹਾਂ ਹੀ ਸਾਰੇ ਕਾਰਟੂਨਾਂ ਦਾ ਪ੍ਰੋਗਰਾਮ ਦੇਖ ਰਹੇ ਸਨ, ਜਿਹੜਾ ਸਿਰਫ਼ ਬਿੱਲੀ ਤੇ ਚੂਹੇ ਬਾਰੇ ਸੀ। ਕਿਊਟੀ ਬੜੀ ਖੁਸ਼ ਸੀ। ਉਹ ਬੜੀ ਉਤਸੁਕਤਾ ਨਾਲ ਕਾਰਟੂਨ ਦੇਖ ਰਹੀ ਸੀ,ਪਰ ਬਿੱਲੀ ਦਾ ਚੂਹੇ ਨੂੰ ਫੜਨ ਦਾ ਦਾਅ ਨਹੀਂ ਸੀ ਲੱਗ ਰਿਹਾ। ਜਦੋਂ ਵੀ ਬਿੱਲੀ ਰਸੋਈ ’ਚ ਜਾ ਕੇ ਕੁਝ ਖਾਣ ਲੱਗਦੀ ਤਾਂ ਚੂਹਾ ਪਤਾ ਨਹੀਂ ਕਿੱਥੋਂ ਆ ਜਾਂਦਾ ਤੇ ਕੋਈ ਨਾ ਕੋਈ ਬਰਤਨ ਸੁੱਟ ਕੇ ਖੜਾਕ ਕਰ ਦਿੰਦਾ ਤੇ ਬਿੱਲੀ ਨੂੰ ਡਰ ਕੇ ਭੱਜਣਾ ਪੈਂਦਾ। ਚੂਹਾ ਘੜੀ ਮੁੜੀ ਏਦਾਂ ਦੇ ਤਮਾਸ਼ੇ ਕਰ ਕੇ ਮਜ਼ੇ ਲੈ ਰਿਹਾ ਸੀ। ਕਿਊਟੀ ਵੀ ਸਭ ਦੇਖ ਰਹੀ ਸੀ। ਥੋੜ੍ਹੀ ਦੇਰ ਬਾਅਦ ਕਾਰਟੂਨਾਂ ਵਾਲੀ ਬਿੱਲੀ ਨੇ ਦੇਖਿਆ ਕਿ ਜੂਠੇ ਭਾਂਡਿਆਂ ’ਚ ਕੇਕ ਦਾ ਵੱਡਾ ਪੀਸ ਪਿਆ ਸੀ। ਬਿੱਲੀ ਦੇ ਮੂੰਹ ’ਚ ਪਾਣੀ ਭਰ ਆਇਆ। ਦਾਦੀ ਮਾਂ ਨੇ ਕਿਊਟੀ ਵੱਲ ਦੇਖਿਆ, ਉਹ ਵੀ ਕੇਕ ਵੱਲ ਦੇਖ ਕੇ ਮਸਤ ਦਿਸ ਰਹੀ ਸੀ। ਕਾਰਟੂਨ ਵਾਲੀ ਬਿੱਲੀ ਇੱਧਰ ਉੱਧਰ ਦੇਖ ਰਹੀ ਸੀ ਕਿ ਉਸ ਨੂੰ ਕੋਈ ਦੇਖ ਤਾਂ ਨਹੀਂ ਰਿਹਾ। ਉਸਨੂੰ ਬਹੁਤਾ ਡਰ ਚੂਹੇ ਤੋਂ ਸੀ ਕਿਉਂਕਿ ਉਹੀ ਘੜੀ ਮੁੜੀ ਉਸਦੇ ਖਾਣ ’ਚ ਰੁਕਾਵਟ ਬਣਦਾ ਸੀ। ਬਿੱਲੀ ਨੇ ਬੜੇ ਧਿਆਨ ਨਾਲ ਇੱਧਰ ਉੱਧਰ ਦੇਖਿਆ ਤੇ ਉਸਨੂੰ ਪੱਕਾ ਨਿਸ਼ਚਾ ਹੋ ਗਿਆ ਕਿ ਅੱਜ ਚੂਹਾ ਨੇੜੇ ਤੇੜੇ ਨਹੀਂ ਹੈ। ਉਸਨੇ ਪਲੇਟ ਦੇ ਨੇੜੇ ਆ ਕੇ ਆਪਣੀਆਂ ਅੱਖਾਂ ਨੂੰ ਫੇਰ ਇੱਧਰ ਉੱਧਰ ਘੁਮਾਇਆ ਤੇ ਤਸੱਲੀ ਕਰਕੇ ਪਲੇਟ ’ਚ ਮੂੰਹ ਮਾਰਨ ਹੀ ਲੱਗੀ ਸੀ ਕਿ ਫੇਰ ਖੜਾਕ ਹੋ ਗਿਆ, ਲਓ ਇਹ ਤਾਂ ਉਹੋ ਚਾਲਾਕ ਚੂਹਾ ਸੀ ਜਿਹੜਾ ਪਤਾ ਨਹੀਂ ਕਦੋਂ ਦਾ ਫਰਿੱਜ ਦੇ ਹੇਠਾਂ ਬਿੱਲੀ ’ਤੇ ਤਾਕ ਲਾ ਕੇ ਬੈਠਾ ਹੋਇਆ ਸੀ। ਜਿਉਂ ਹੀ ਬਿੱਲੀ ਨੇ ਪਲੇਟ ਦੇ ਨੇੜੇ ਆਪਣਾ ਮੂੰਹ ਕੀਤਾ, ਚੂਹਾ ਉਸੇ ਵੇਲੇ ਫਰਿੱਜ ਥੱਲਿਉਂ ਨਿਕਲ ਕੇ ਭਾਂਡਿਆਂ ਵਾਲੀ ਟੋਕਰੀ ’ਚ ਵੜ ਗਿਆ ਤੇ ਭਾਂਡਿਆਂ ਦੇ ਖੜਾਕ ਨਾਲ ਬਿੱਲੀ ਨੂੰ ਕੇਕ ਖਾਣ ਤੋਂ ਬਿਨਾਂ ਹੀ ਉਥੋਂ ਭੱਜਣਾ ਪਿਆ, ਪਰ ਹੈਂ ਇਹ ਕੀ? ਬਿਜਲੀ ਤਾਂ ਗਈ ਨਹੀਂ ਸੀ, ਪਰ ਵੱਡਾ ਟੀ.ਵੀ. ਬੰਦ ਹੋ ਗਿਆ। ਸਾਰੇ ਇਕ ਦੂਜੇ ਦੇ ਮੂੰਹ ਵੱਲ ਹੈਰਾਨੀ ਨਾਲ ਦੇਖਣ ਲੱਗੇ ਤੇ ਨਾਲ ਹੀ ਉਨ੍ਹਾਂ ਸਭ ਦੀ ਨਜ਼ਰ ਕਿਊਟੀ ’ਤੇ ਪਈ। ਉਹ ਵੱਡੇ ਟੀ.ਵੀ. ਦੇ ਸਵਿੱਚ ’ਤੇ ਆਪਣਾ ਪੰਜਾ ਮਾਰ ਰਹੀ ਸੀ। ਪੰਜਾ ਵੱਜਣ ਨਾਲ ਸਵਿੱਚ ਬੰਦ ਹੋ ਗਿਆ। ਕੋਮਲ ਕੁਝ ਗੁੱਸੇ ’ਚ ਬੋਲੀ, ‘ਕਿਊਟੀ, ਕੀ ਗੱਲ ਹੈ ਤੈਨੂੰ?’ ਰਾਜੂ ਨੇ ਵੀ ਉੱਚੀ ਕਿਹਾ, ‘ਕਿਊਟੀ!’। ਕਿਊਟੀ ਤਾਂ ਆਪਣਾ ਮੂੰਹ ਥੱਲੇ ਕਰਕੇ ਬਾਹਰ ਚਲੀ ਗਈ।
ਫੇਰ ਦਾਦੀ ਮਾਂ ਨੇ ਬੱਚਿਆਂ ਨੂੰ ਸਮਝਾਇਆ, ‘ਇਸਨੂੰ ਤਾਂ ਟੀ.ਵੀ. ਵਿਚਲੇ ਚੂਹੇ ਉੱਪਰ ਗੁੱਸਾ ਆ ਰਿਹਾ ਸੀ ਕਿਉਂਕਿ ਉਹ ਬਿੱਲੀ ਦੇ ਕੁਝ ਵੀ ਖਾਣ ’ਚ ਰੁਕਾਵਟ ਪਾਉਂਦਾ ਸੀ ਤੇ ਇਸ ਨੇ ਜਾਣ ਬੁੱਝ ਕੇ ਇਸ ਤਰ੍ਹਾਂ ਕੀਤਾ ਹੈ। ਦੋਵੇਂ ਬੱਚੇ ਇਕ ਦੂਜੇ ਵੱਲ ਹੈਰਾਨੀ ਨਾਲ ਮੂੰਹ ’ਚ ਉਂਗਲਾਂ ਪਾ ਕੇ ਕਿਊਟੀ ਨੂੰ ਮਨਾਉਣ ਚਲੇ ਗਏ।