ਜਲ ਯਾਨੀ ਪਾਣੀ, ਜਿਸ ਦੇ ਬਿਨਾਂ ਇਕੱਲੇ ਮਨੁੱਖੀ ਜੀਵਨ ਦੀ ਹੋਂਦ ਹੀ ਨਹੀਂ ਬਲਕਿ ਧਰਤੀ ’ਤੇ ਵਸਣ ਵਾਲੇ ਹਰ ਜੀਵ-ਜੰਤੂ ਦੀ ਹੋਂਦ ਨਾਮੁਮਕਿਨ ਹੈ। ਮਹਾਨ ਗ੍ਰੰਥ ਅਤੇ ਵਿਗਿਆਨ ਇਸ ਗੱਲ ਦੇ ਗਵਾਹ ਹਨ ਕਿ ਧਰਤ ਦੇ ਇਸ ਟੁਕੜੇ ਵਿਚ ਪਾਣੀ ਅਜਿਹੀ ਵੱਡਮੁੱਲੀ ਚੀਜ਼ ਹੈ ਜੋ ਜੀਵਨ ਦਾ ਆਧਾਰ ਹੈ ਅਤੇ ਪਾਣੀ ਤੋਂ ਸ਼ੁਰੂ ਹੋਈ ਜੀਵ-ਜੰਤੂਆਂ ਦੀ ਉਤਪਤੀ ਲੱਖਾਂ-ਕਰੋੜਾਂ ਸਾਲਾਂ ਤੋਂ ਅੱਗੇ ਵਧਦੀ ਜਾ ਰਹੀ ਹੈ। ਮਨੁੱਖੀ ਵਿਕਾਸ ਦੇ ਨਾਲ-ਨਾਲ ਪਾਣੀ ਮੁੱਢਲੀ ਲੋੜ ਤੋਂ ਇਲਾਵਾ ਹੋਰਨਾਂ ਅਨੇਕਾਂ ਤਰੀਕਿਆਂ ਨਾਲ ਵੀ ਸਾਡੇ ਅੰਗ-ਸੰਗ ਰਹਿੰਦਾ ਹੈ। ਮਨੁੱਖ ਨੇ ਰੁੱਖ-ਪੌਦਿਆਂ ਤੋਂ ਆਪਣਾ ਨਿਰਬਾਹ ਕਰਨਾ ਸ਼ੁਰੂ ਕੀਤਾ ਜੋ ਸਮੇਂ ਦੇ ਚਲਦਿਆਂ ਕਈ ਰੂਪਾਂ ਵਿਚ ਮਨੁੱਖੀ ਜ਼ਿੰਦਗੀ ਦਾ ਹਿੱਸਾ ਬਣੇ। ਪਹਿਲਾਂ ਭੋਜਨ, ਰਹਿਣ-ਸਹਿਣ ਆਦਿ ਵਰਗੀਆਂ ਲੋੜਾਂ ਦੀ ਪੂਰਤੀ ਕਰਨ ਵਾਲੇ ਵੱਖ-ਵੱਖ ਪੌਦੇ/ ਰੁੱਖ ਆਦਿ ਸਮਾਂ ਪਾ ਕੇ ਸ਼ੌਕ ਦਾ ਵੀ ਹਿੱਸਾ ਬਣੇ ਜੋ ਬਗੀਚਿਆਂ ਦੇ ਰੂਪ ਵਿਚ ਸਾਹਮਣੇ ਆਏ। ਬਗੀਚਿਆਂ ਦੇ ਵਾਧੇ ਅਤੇ ਖ਼ੂਬਸੂਰਤੀ ਪੱਖ ਤੋਂ ਜਿੰਦ-ਜਾਨ ਪਾਉਣ ਦਾ ਕੰਮ ਵੀ ਪਾਣੀ ਨੇ ਬਾਖ਼ੂਬੀ ਨਿਭਾਇਆ। ਪਹਿਲਾਂ-ਪਹਿਲਾਂ ਪਾਣੀ ਨੂੰ ਰੁੱਖ-ਪੌਦਿਆਂ ਜਾਂ ਪੂਰੇ ਬਗੀਚਿਆਂ ਦੇ ਸਿਰਫ਼ ਵਾਧੇ ਲਈ ਵਰਤਿਆ ਗਿਆ, ਪਰ ਹੌਲੀ-ਹੌਲੀ ਪਾਣੀ ਬਗੀਚੀ ਦਾ ਅਨਿੱਖੜਵਾਂ ਅੰਗ ਬਣ ਗਿਆ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਸਭ ਤੋਂ ਪਹਿਲਾਂ ਬਗੀਚੇ ਵਿਚ ਪਾਣੀ ਨੂੰ ਖ਼ੂਬਸੂਰਤੀ ਦੇ ਪੱਖ ਵਜੋਂ ਵਰਤਣ ਦੀ ਉਦਾਹਰਨ ਮਿਸਰ ਦੇਸ਼ ਦੇ ਬਗੀਚਿਆਂ ਵਿਚ ਵੇਖਣ ਨੂੰ ਮਿਲਦੀ ਹੈ। ਹਾਲਾਂਕਿ ਅਸੀਂ ਚਾਹੇ ਬੁੱਧ ਧਰਮ ਨਾਲ ਜੁੜੇ ਸਥਾਨਾਂ, ਚੀਨ ਦੇ ਬਗੀਚਿਆਂ, ਜਪਾਨੀ ਬਗੀਚਿਆਂ, ਇਰਾਨੀ ਅਤੇ ਮੁਗਲ ਬਗੀਚਿਆਂ ਜਾਂ ਫਿਰ ਅਜੋਕੇ ਵਿਕਸਤ ਹੋ ਚੁੱਕੇ ਜਾਂ ਹੋਰਨਾਂ ਦੇਸ਼ਾਂ ਦੇ ਬਗੀਚਿਆਂ ’ਤੇ ਝਾਤੀ ਮਾਰਦੇ ਹਾਂ ਤਾਂ ਪਾਣੀ ਦੀ ਵਰਤੋਂ ਬਾਖ਼ੂਬੀ ਕੀਤੀ ਗਈ ਹੈ। ਜਿੱਥੇ ਖੜ੍ਹਾ ਪਾਣੀ ਸ਼ਾਂਤ ਮਾਹੌਲ ਸਿਰਜ ਕੇ ਕੁਦਰਤ ਦੇ ਨੇੜੇ ਹੋਣ ਦਾ ਮਾਹੌਲ ਸਿਰਜਦਾ ਹੈ ਤਾਂ ਦੂਸਰੇ ਪਾਸੇ ਅਨੇਕਾਂ ਤਰੀਕਿਆਂ ਨਾਲ ਵਗਦਾ ਪਾਣੀ ਹੁਸੀਨ ਦ੍ਰਿਸ਼ ਅਤੇ ਆਵਾਜ਼ ਨਾਲ ਮਨੁੱਖੀ ਮਨ ਨੂੰ ਤਰੋ-ਤਾਜ਼ਾ ਕਰਦਾ ਹੈ। ਜਪਾਨੀ ਅਤੇ ਮੁਗਲ ਬਗੀਚਿਆਂ ਨੂੰ ਤਾਂ ਪਾਣੀ ਤੋਂ ਬਿਨਾਂ ਸੋਚਿਆ ਵੀ ਨਹੀਂ ਜਾ ਸਕਦਾ। ਪੁਰਾਤਨ ਵੇਲਿਆਂ ਵਿਚ ਬਿਨਾਂ ਮੋਟਰਾਂ ਜਾਂ ਮਸ਼ੀਨੀਕਰਨ ਦੇ ਪਾਣੀ ਨੂੰ ਬੜੀ ਬਾਖ਼ੂਬੀ ਵਰਤਿਆ ਜਾਂਦਾ ਸੀ ਅਤੇ ਲੰਮੀ ਦੂਰੀ ਵੀ ਤਕਨੀਕੀ ਪੱਖਾਂ ਰਾਹੀਂ ਹੀ ਤੈਅ ਕਰਵਾ ਲਈ ਜਾਂਦੀ ਸੀ। ਭਾਵ ਪਾਣੀ ਨੂੰ ਬੜੀ ਦੂਰੋਂ ਇਕ ਸਥਾਨ ਤੋਂ ਦੂਜੇ ਸਥਾਨ ਪਹੁੰਚਾ ਦਿੱਤਾ ਜਾਂਦਾ ਸੀ। ਖੜ੍ਹੇ ਪਾਣੀ ਨੂੰ ਵਿਸ਼ੇਸ਼ ਤੌਰ ’ਤੇ ਬਗੀਚਿਆਂ ਵਿਚ ਦੋ ਕਾਰਨਾਂ ਕਰਕੇ ਵਰਤਿਆ ਜਾਂਦਾ ਹੈ। ਇਕ ਤਾਂ ਝੀਲ ਦੇ ਰੂਪ ਵਿਚ ਜਾਂ ਫਿਰ ਪੂਲ/ਛੱਪੜ ਆਦਿ ਦੇ ਰੂਪ ਵਿਚ ਰੱਬੀ ਧਿਆਨ ਜਾਂ ਤਪ/ਭਗਤੀ ਮਾਹੌਲ ਨੂੰ ਸਿਰਜਿਆ ਜਾਂਦਾ ਹੈ। ਦੂਜਾ ਖੜ੍ਹੇ ਪਾਣੀ ਵਿਚ ਆਕਾਸ਼, ਰੁੱਖ, ਬੱਦਲਾਂ, ਚੰਨ, ਸੂਰਜ ਅਤੇ ਸਿਤਾਰਿਆਂ ਦੇ ਅਕਸ ਨੂੰ ਤੱਕਣ ਦੇ ਕੰਮ ਆਉਂਦਾ ਹੈ। ਵਗਦਾ ਪਾਣੀ ਬਗੀਚਿਆਂ ਵਿਚ ਨਹਿਰ, ਫੁਹਾਰੇ, ਝਰਨੇ ਆਦਿ ਦੇ ਰੂਪ ਵਿਚ ਵਰਤਿਆ ਜਾਂਦਾ ਹੈ। ਪਾਣੀ ਦਾ ਵਗਣਾ ਜੀਵਨ ਦੇ ਸਦਾ ਚੱਲਦੇ ਰਹਿਣ ਨੂੰ ਦਰਸਾਉਂਦਾ ਹੈ।
ਅੱਜ ਜਲ-ਬਗੀਚੀਆਂ ਏਕੜਾਂ ਤੋਂ ਲੈ ਕੇ ਪਾਣੀ ਦੀ ਬੋਤਲ ਤਕ ਦੇ ਆਕਾਰ ਦੀਆਂ ਵੀ ਬਣਾਈਆਂ ਜਾਂਦੀਆਂ ਹਨ। ਬਗੀਚਿਆਂ ਵਿਚ ਜਲ-ਬਗੀਚੀ ਬਣਾਉਣ ਲਈ ਬਗੀਚੀ ਦੇ ਸਟਾਈਲ ਮੁਤਾਬਕ ਜਾਂ ਆਪਣੀ ਪਸੰਦ ਅਨੁਸਾਰ ਪੂਲ ਜਾਂ ਤਲਾਬ ਕਹਿ ਲਈਏ ਉਸ ਦਾ ਆਕਾਰ ਅਤੇ ਦਿੱਖ ਰੱਖੀ ਜਾਂਦੀ ਹੈ। ਬਗੀਚੀ ਵਿਚਲਾ ਤਾਲਾਬ ਗੋਲ, ਆਇਤਕਾਰ, ਚੌਰਸ ਜਾਂ ਫਿਰ ਟੇਢਾ-ਮੇਢਾ ਆਦਿ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ। ਸੀਮਿੰਟ ਦੇ ਤਾਲਾਬ ਤੋਂ ਇਲਾਵਾ ਪਲਾਸਟਿਕ ਜਾਂ ਕਿਸੇ ਧਾਤ ਦੇ ਬਣੇ ਡਰੰਮਾਂ ਆਦਿ ਤੋਂ ਵੀ ਕੰਮ ਲਿਆ ਜਾ ਸਕਦਾ ਹੈ। ਛੋਟੇ ਆਕਾਰ ਦੇ ਬਗੀਚਿਆਂ ਲਈ ਤਾਂ ਬਾਜ਼ਾਰਾਂ ਵਿਚੋਂ ਬਣੇ-ਬਣਾਏ ਢਾਂਚੇ ਦੇ ਰੂਪ ਵਿਚ ਬੇਹੱਦ ਸੋਹਣੇ ਤਾਲਾਬ ਰੂਪੀ ਵੱਡ-ਆਕਾਰੀ ਗਮਲੇ ਮਿਲਦੇ ਹਨ, ਜਿਨ੍ਹਾਂ ਵਿਚ ਘਰੇ ਪਾਣੀ ਪਾਉਣ ਉਪਰੰਤ ਪਾਣੀ ਵਿਚ ਲੱਗਣ ਵਾਲੇ ਪੌਦੇ ਲਾਏ ਜਾਂਦੇ ਹਨ। ਬਗੀਚਿਆਂ ਵਿਚ ਤਲਾਬਰੂਪੀ ਪਾਣੀ ਤੋਂ ਇਲਾਵਾ ਅਨੇਕਾਂ ਤਰ੍ਹਾਂ ਦੇ ਫੁਹਾਰੇ ਵੀ ਲਾਏ ਜਾਂਦੇ ਹਨ। ਉਪਰੋਂ ਹੇਠਾਂ ਵੱਲ ਨੂੰ ਪਾਣੀ ਨੂੰ ਸੁੱਟ ਕੇ ਝਰਨੇ ਦਾ ਰੂਪ ਦਿੱਤਾ ਜਾਂਦਾ ਹੈ, ਪਰ ਇਸ ਗੱਲ ਦਾ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿ ਪਾਣੀ ਦੀ ਵਰਤੋਂ ਕਰਨ ਲੱਗਿਆਂ ਤਕਨੀਕੀ ਪੱਖਾਂ ਨੂੰ ਅੱਖੋਂ ਪਰੋਖੇ ਬਿਲਕੁਲ ਨਹੀਂ ਕਰਨਾ ਚਾਹੀਦਾ ਹੈ। ਚਾਹੇ ਆਰਟੀ ਤਾਲਾਬ ਰੂਪੀ ਪਾਣੀ ਨੂੰ ਬਗੀਚੀ ਵਿਚ ਵਰਤਣਾ ਹੋਵੇ ਜਾਂ ਫਿਰ ਫੁਹਾਰੇ, ਝਰਨੇ ਆਦਿ ਬਣਾਉਣੇ ਹੋਣ, ਉਨ੍ਹਾਂ ਦਾ ਸਥਾਨ, ਆਕਾਰ, ਦਿੱਖ ਆਦਿ ਆਪਣੀ ਸੋਚ-ਸਮਝ ਦੇ ਨਾਲ-ਨਾਲ ਤਕਨੀਕੀ ਮਾਹਿਰ ਭਾਵ ਲੈਂਡ ਸਕੇਪਿੰਗ ਦੇ ਖੇਤਰ ਵਿਚ ਜਾਣਕਾਰੀ ਰੱਖਣ ਵਾਲੇ ਤੋਂ ਜ਼ਰੂਰ ਸਲਾਹ ਲੈਣੀ ਚਾਹੀਦੀ ਹੈ। ਦੇਸੀ ਜੁਗਾੜ ਨਾਲੇ ਬਣਾਏ ਪੂਲ ਜਾਂ ਲਾਏ ਫੁਹਾਰੇ ਅਕਸਰ ਲੋਕਾਂ ਦੀਆਂ ਬਗੀਚਿਆਂ ਵਿਚ ਬੰਦ ਪਏ ਨਜ਼ਰ ਆਉਂਦੇ ਹਨ। ਵਾਟਰ-ਫਾਲ ਦਾ ਫਾਲ ਅਕਸਰ ਵੇਖਣ ਵਿਚ ਸਹੀ ਨਹੀਂ ਮਿਲਦਾ। ਕਹਿਣ ਤੋਂ ਭਾਵ ਪਾਣੀ ਡਿੱਗਣ ਵਿਚ ਇਕਸਾਰਤਾ ਨਜ਼ਰ ਨਹੀਂ ਆਉਂਦੀ। ਸੀਮਿੰਟ, ਪਲਾਸਟਿਕ ਜਾਂ ਫਾਈਬਰ ਆਦਿ ਦੇ ਢੋਲ ਰੂਪੀ ਤਾਲਾਬ ਜਾਂ ਛੋਟੇ-ਛੋਟੇ ਗਮਲਿਆਂ ਰੂਪੀ ਪੂਲ ਤਿਆਰ ਹੋ ਜਾਣ ’ਤੇ ਅਹਿਮ ਕੰਮ ਆਉਂਦਾ ਹੈ। ਉਸ ਵਿਚ ਬੂਟੇ ਲਾਉਣਾ। ਪਾਣੀ ਵਿਚ ਹੋਣ ਵਾਲੇ ਪੌਦਿਆਂ ਵਿਚ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਕੰਵਲ ਦਾ। ਕੰਵਲ ਸਾਡਾ ਰਾਸ਼ਟਰੀ ਫੁੱਲ ਹੈ ਅਤੇ ਵਿਸ਼ਨੂੰ ਭਗਵਾਨ ਨਾਲ ਵੀ ਜੁੜਿਆ ਹੋਇਆ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਪਾਣੀ ਵਿਚ ਕੰਵਲ ਅਤੇ ਹੋਰ ਪੌਦੇ ਅਨੇਕਾਂ ਸਾਲਾਂ ਤੋਂ ਮਨੁੱਖ ਸ਼ੌਕ ਖਾਤਰ ਲਾਉਂਦਾ ਆ ਰਿਹਾ ਹੈ।
ਪਾਣੀ ਵਿਚ ਹੋਣ ਵਾਲੇ ਲਿੱਲੀ ਕਿਸਮ ਦੇ ਪੌਦੇ ਭਾਵ ‘ਵਾਟਰ ਲਿੱਲੀ’ ਅਕਸਰ ਬਗੀਚਿਆਂ ਦਾ ਸ਼ਿੰਗਾਰ ਬਣਦੇ ਹਨ। ਇਸ ਤੋਂ ਇਲਾਵਾ ਹਾਈਡਰਿਲਾ, ਸਾਲਵੀਨਿਆ, ਜਲ ਘਾਹ (ਵੈਲਿੱਸ ਨੇਰੀਆ ਸਮਾਈਰਲਿਸ) ਅਤੇ ਹੋਰ ਅਨੇਕਾਂ ਕਿਸਮਾਂ ਦੇ ਪੌਦੇ ਪਾਣੀ ਵਿਚ ਉਗਾਏ ਜਾ ਸਕਦੇ ਹਨ, ਜਿਹੜੇ ਅਕਸਰ ਨਰਸਰੀਆਂ ਵਿਚੋਂ ਘੱਟ ਹੀ ਮਿਲਦੇ ਹਨ। ਪਾਣੀ ਦੇ ਆਸ-ਪਾਸ ਭਾਵ ਪੂਲ ਦੇ ਕਿਨਾਰਿਆਂ ਤੇ ਅੰਬਰੇਲਾ ਪਾਮ, ਐਸਪੈਰੇਗਰ ਪਾਈਲਿਆ, ਕਲੋਰੋਫਾਈਟਮ ਅਤੇ ਬਾਂਸ ਜਾਤੀ ਦੇ ਕੁਝ ਪੌਦੇ ਸਜਾਵਟ ਲਈ ਲਾਏ ਜਾ ਸਕਦੇ ਹਨ। ਕੁਝ ਲੋਕ ਪਾਣੀ ਵਿਚ ‘ਗੋਲਡਨ ਫਿਸ਼’ ਵਰਗੀਆਂ ਮੱਛੀਆਂ ਵੀ ਖ਼ੂਬਸੂਰਤੀ ਲਈ ਛੱਡ ਲੈਂਦੇ ਹਨ। ਕੁੱਲ ਮਿਲਾ ਕੇ ਜਲ-ਬਗੀਚਿਆਂ ਅਤੇ ਜਲ-ਪੌਦੇ ਸਾਡੀਆਂ ਬਗੀਚਿਆਂ ਨੂੰ ਹੁਸੀਨ ਬਣਾਉਂਦੇ ਹਨ। ਡਿਜ਼ਾਈਨ ਬਣਾਉਣ ਵੇਲੇ ਨਾ ਪਤਾ ਲੱਗੇ ਤਾਂ ਕਿਸੇ ਮਾਹਿਰ ਤੋਂ ਸਲਾਹ ਲੈਣ ਤੋਂ ਗੁਰੇਜ਼ ਬਿਲਕੁਲ ਨਾ ਕਰੋ। ਬਗੀਚਿਆਂ ਵਿਚਲੇ ਪਾਣੀ ਵਾਲੇ ਸਥਾਨਾਂ ਭਾਵ ਪੂਲ, ਫੁਹਾਰੇ, ਝਰਨੇ ਆਦਿ ਦੀ ਸਫ਼ਾਈ ਦਾ ਪੂਰਾ ਧਿਆਨ ਰੱਖੋ।