ਭੋਗਪੁਰ, 5 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਹੈ ਕਿ ਗੰਨਾ ਉਤਪਾਦਕਾਂ ਦਾ ਬਕਾਇਆ ਦੇਣ ਤੋਂ ਇਨਕਾਰ ਕਰਨ ਵਾਲਿਆਂ ਵਿਰੁੱਧ ਕੇਸ ਦਰਜ ਕੀਤੇ ਜਾਣ। ਉਹ ਅੱਜ ਇੱਥੇ ਖੰਡ ਮਿੱਲ ਅੱਗੇ ਪਾਰਟੀ ਵੱਲੋਂ ਕੀਤੇ ਰੋਸ ਵਿਖਾਵੇ ਮੌਕੇ ਪੁੱਜੇ ਹੋਏ ਸਨ।
ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਗੰਨੇ ਦੀ ਪਿੜਾਈ ਦਾ ਕੰਮ ਸਮੇਂ ਸਿਰ ਸ਼ੁਰੂ ਕਰਵਾਉਣ ਲਈ ਪ੍ਰਾਈਵੇਟ ਖੰਡ ਮਿੱਲਾਂ ਨੂੰ ਆਪਣੇ ਅਧਿਕਾਰ ਹੇਠ ਲਵੇ। ਉਨ੍ਹਾਂ ਦਾਅਵਾ ਕੀਤਾ ਕਿ ਸਾਲ 2015-16 ਦੌਰਾਨ ਅਕਾਲੀ-ਭਾਜਪਾ ਦੀ ਸਰਕਾਰ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਨੂੰ 50 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਸੀ। ਸੁਖਬੀਰ ਸਿੰਘ ਬਾਦਲ ਨੇ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਨੂੰ ਵਿਆਜ ਸਮੇਤ 417 ਕਰੋੜ ਦੇ ਬਕਾਏ ਦੀ ਰਕਮ ਬਿਨਾਂ ਦੇਰੀ ਜਾਰੀ ਕਰੇ। ਇਸ ਮੌਕੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ, ਸਿਕੰਦਰ ਸਿੰਘ ਮਲੂਕਾ, ਪਵਨ ਕੁਮਾਰ ਟੀਨੂੰ, ਸਤਪਾਲ ਮੱਲ ਤੇ ਗੁਰਪ੍ਰਤਾਪ ਸਿੰਘ ਵਡਾਲਾ ਆਦਿ ਨੇ ਸੰਬੋਧਨ ਕੀਤਾ। ਇਸ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਬਰਗਾੜੀ ਮੋਰਚੇ ਬਾਰੇ ਪੁੱਛਿਆ ਤਾਂ ਉਹ ਤੈਸ਼ ਵਿਚ ਆ ਗਏ।
ਯੂਥ ਕਾਂਗਰਸੀਆਂ ਦੇ ਹੱਥਾਂ ’ਚ ਫੜੇ ਰਹਿ ਗਏ ਕਾਲੇ ਝੰਡੇ
ਯੂਥ ਕਾਂਗਰਸੀਆਂ ਨੇ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਨ ਲਈ ਪ੍ਰੋਗਰਾਮ ਉਲੀਕਿਆ ਸੀ, ਪਰ ਇਸ ਦੀ ਸੂਹ ਪਹਿਲਾਂ ਹੀ ਲੱਗ ਜਾਣ ’ਤੇ ਪ੍ਰਸ਼ਾਸਨ ਨੇ ਸ੍ਰੀ ਬਾਦਲ ਦੇ ਜਾਣ ਦਾ ਰਸਤਾ ਹੀ ਬਦਲ ਦਿੱਤਾ। ਯੂਥ ਕਾਂਗਰਸ ਦੇ ਪ੍ਰਧਾਨ ਅਸ਼ਵਨ ਭੱਲਾ ਦੀ ਅਗਵਾਈ ਵਿਚ ਵਰਕਰ ਸ਼ਹਿਰ ’ਚ ਆਦਮਪੁਰ ਰੋਡ ਵਾਲੇ ਫਾਟਕ ਦੇ ਨੇੜੇ ਕਾਲੀਆਂ ਝੰਡੀਆਂ ਲੈ ਕੇ ਖੜ੍ਹੇ ਸਨ ਤੇ ਖੁਫ਼ੀਆ ਵਿਭਾਗ ਨੇ ਪਹਿਲਾਂ ਹੀ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ, ਜਿਸ ਕਾਰਨ ਸ੍ਰੀ ਬਾਦਲ ਦਾ ਰਸਤਾ ਬਦਲ ਦਿੱਤਾ ਗਿਆ।