ਜਲੰਧਰ, 5 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਇਥੇ ਪੁਲੀਸ ਡੀਏਵੀ ਪਬਲਿਕ ਸਕੂਲ ਪੀਏਪੀ ਕੈਂਪਸ ਵਿਚ ਸਾਲਾਨਾ ਸਮਾਗਮ ‘ਸਾਗਰ ਮੰਥਨ-ਮਨ ਸੇ ਅਮਨ, ਅਸ਼ਾਂਤੀ ਸੇ ਸ਼ਾਂਤੀ ਕਾ ਸੰਘਰਸ਼’ ਕਰਵਾਇਆ ਗਿਆ। ਇਸ ਮੌਕੇ ਡੀਜੀਪੀ ਸੁਰੇਸ਼ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿਨ੍ਹਾਂ ਦਾ ਪ੍ਰਿੰਸੀਪਲ ਡਾ. ਰਸ਼ਮੀ ਵਿੱਜ ਨੇ ਸਵਾਗਤ ਕੀਤਾ। ਸਮਾਗਮ ਦਾ ਆਗਾਜ਼ ਮੁੱਖ ਮਹਿਮਾਨ ਤੇ ਆਏ ਮਹਿਮਾਨਾਂ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਗਿਆ। ਇਸ ਮੌਕੇ 1000 ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਹਿੱਸਾ ਲਿਆ। ਡੀਜੀਪੀ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਨ੍ਰਿਤ, ਨਾਟਕ ਅਤੇ ਹੋਰ ਆਈਟਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਿੰਸੀਪਲ ਡਾ. ਰਸ਼ਮੀ ਵਿੱਜ ਨੇ ਸਾਲਾਨਾ ਰਿਪੋਰਟ ਪੜ੍ਹੀ ਜਿਸ ਵਿਚ ਉਨ੍ਹਾਂ ਨੇ ਸਕੂਲ ਦੀਆਂ ਸਾਲਾਨਾ ਸਰਗਰਮੀਆਂ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ।
ਪ੍ਰੋਗਰਾਮ ਦਾ ਮੁੱਖ ਆਕਰਸ਼ਣ ਨ੍ਰਿਤ ਨਾਟਕ ‘ਸਾਗਰ ਮੰਥਨ’ ਸੀ। ਇਸ ਨਾਟਕ ਰਾਹੀਂ ਮਨ ਵਿਚ ਚੱਲਣ ਵਾਲੇ ਵਿਚਾਰਾਂ ਦਾ ਸੰਘਰਸ਼, ਸ਼ਾਂਤੀ ਪਾਉਣ ਦਾ ਮਾਰਗ ਦਿਖਾਇਆ ਗਿਆ। ਇਸ ਤੋਂ ਇਲਾਵਾ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਗਿੱਧੇ ਅਤੇ ਭੰਗੜੇ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸੇ ਦੌਰਾਨ ਮੁੱਖ ਮਹਿਮਾਨ ਵੱਲੋਂ ਸਕੂਲ ਦੇ ਸਿੱਖਿਆ ਅਤੇ ਹੋਰ ਸਰਗਰਮੀਆਂ ਵਿਚ ਉੱਚਤਾ ਪ੍ਰਾਪਤ ਕਰਨ ਵਾਲੇ 50 ਵਿਦਿਆਰਥੀਆਂ ਅਤੇ ਮੈਰਿਟ ਦੀ ਸਕਰੀਨਿੰਗ ਪ੍ਰੀਖਿਆ ਵਿਚ 30 ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਡੀਜੀਪੀ ਐਮਡੀ ਪੀਪੀਐਚਸੀ ਐਮਕੇ ਤਿਵਾੜੀ, ਏਡੀਜੀਪੀ ਵੈਲਫੇਅਰ ਸੰਜੀਵ ਕਾਲੜਾ, ਚੇਅਰਮੈਨ ਕੁਲਦੀਪ ਸਿੰਘ, ਏਡੀਜੀਪੀ ਐਸ ਕੇ ਅਸਥਾਨਾ ਹਾਜ਼ਰ ਸਨ।