ਪੰਜਾਬੀ ਔਰਤਾਂ ਜਿੱਥੇ ਸੱਗੀ ਨਾਲ ਗੂੜ੍ਹੀ ਪ੍ਰੀਤ ਰੱਖਦੀਆਂ ਸਨ। ਉੱਥੇ ਛੋਟੇ-ਛੋਟੇ ਗਹਿਣੇ ਪਾ ਕੇ ਵੀ ਖ਼ੁਸ਼ ਹੁੰਦੀਆਂ। ਇਹ ਨਿਮਨ ਵਰਗ ਦੀ ਪਹੁੰਚ ਵਾਲੇ ਗਹਿਣੇ ਵੀ ਹੁੰਦੇ। ਨੱਕ ਵਿਚ ਪਾਉਣ ਵਾਲੇ ਗਹਿਣਿਆਂ ਵਿਚ ਲੌਂਗ, ਤੀਲ੍ਹੀ, ਰੇਖ ਤੇ ਕੋਕਾ ਆਦਿ ਨਿੱਕੇ ਗਹਿਣੇ ਹੁੰਦੇ। ਨੱਕ ਤੇ ਕੰਨ ਆਮ ਤੌਰ ’ਤੇ ਸੁਨਿਆਰੇ ਤੋਂ ਵਿੰਨ੍ਹਾਏ ਜਾਂਦੇ, ਪਰ ਕੋਈ ਮਾਹਿਰ ਔਰਤ ਵੀ ਇਹ ਕੰਮ ਕਰ ਲੈਂਦੀ। ਸੁਨਿਆਰਾ ਤਾਂ ਚਾਂਦੀ ਦੀ ਇਕ ਸਿਰੇ ਤੋਂ ਤਿੱਖੀ ਪਤਲੀ ਜਿਹੀ ਤਾਰ ਨਾਲ ਨੱਕ ਵਿੰਨ੍ਹਦਾ ਸੀ ਤੇ ਇਸ ਨੂੰ ਨੱਕ ਦੇ ਬਾਹਰ ਦੂਜੇ ਸਿਰੇ ਨਾਲ ਮਰੋੜੀ ਦੇ ਕੇ ਬੰਦ ਕਰ ਦਿੰਦਾ। ਇਸ ਗੋਲ ਮੋੜੀ ਤਾਰ ਨੂੰ ‘ਮੁਰਕੀ’ ਕਿਹਾ ਜਾਂਦਾ। ਕੁਝ ਸਮੇਂ ਬਾਅਦ ਜਦੋਂ ਨੱਕ ਵਿਚ ਛੇਕ ਠੀਕ ਹੋ ਜਾਂਦਾ ਤਾਂ ਮੁਰਕੀ ਕੱਢ ਵੀ ਦਿੱਤੀ ਜਾਂਦੀ। ਛੋਟੀ ਉਮਰ ਦੀਆਂ ਕੁੜੀਆਂ ਤਾਂ ਬਾਂਸ ਦੀ ਸੂਹਣੀ (ਝਾੜੂ) ਦੀ ਤੀਲ੍ਹ ਦਾ ਤਿੱਖਾ ਸਿਰਾ ਤੋੜ ਕੇ ਨੱਕ ਵਿਚਲੇ ਛੇਕ ਵਿਚ ਪਾ ਲੈਂਦੀਆਂ। ਨਿੰਮ ਦਾ ਪਤਲਾ ਜਿਹਾ ਡੱਕਾ ਵੀ ਨੱਕ ਵਿਚ ਪਾ ਲਿਆ ਜਾਂਦਾ, ਉਸ ਨਾਲ ਨੱਕ ਦਾ ਛੇਕ ਪੱਕਦਾ ਜਾਂ ਦੁਖਦਾ ਨਹੀਂ ਸੀ। ਇਹ ਡੱਕੇ-ਤੀਲ੍ਹੇ ਨੱਕ ਦਾ ਛੇਕ ਬਰਕਰਾਰ ਰੱਖਣ ਲਈ ਪਾਏ ਜਾਂਦੇ। ਕੁਆਰੀਆਂ ਕੁੜੀਆਂ ਨੱਕ ਦਾ ਛੇਕ ਬੰਦ ਹੋਣ ਦੇ ਡਰੋਂ ਚਾਂਦੀ ਦੀ ਨਿੱਕੀ ਜਿਹੀ ਮੇਖ, ਰੇਖ ਜਾਂ ਤੀਲ੍ਹੀ ਵੀ ਨੱਕ ਵਿਚ ਪਾ ਲੈਂਦੀਆਂ।
ਆਮ ਤੌਰ ’ਤੇ ਪੇਂਡੂ ਸਮਾਜ ਵਿਚ ਕੁਆਰੀਆਂ ਕੁੜੀਆਂ ਗਹਿਣਾ ਗੱਟਾ ਨਹੀਂ ਸਨ ਪਾਉਂਦੀਆਂ, ਪਰ ਉਨ੍ਹਾਂ ਦੇ ਨੱਕ-ਕੰਨ ਇਸ ਲਈ ਵਿੰਨ੍ਹਾ ਦਿੱਤੇ ਜਾਂਦੇ ਕਿ ਵੱਡੀ ਉਮਰੇ ਨੱਕ-ਕੰਨ ਦੀ ਪੇਪੜੀ ਸਖ਼ਤ ਤੇ ਮੋਟੀ ਹੋ ਜਾਣ ਕਾਰਨ ਔਖੀ ਵਿੰਨ੍ਹੀਂ ਜਾਂਦੀ ਹੈ ਤੇ ਉਸਦੇ ਪੱਕ ਜਾਣ ਦਾ ਡਰ ਵੀ ਰਹਿੰਦਾ। ਪੰਜਾਬਣਾਂ ਜ਼ਿਆਦਾਤਰ ਖੱਬੇ ਪਾਸੇ ਨੱਕ ਵਿੰਨ੍ਹਾਉਂਦੀਆਂ ਹਨ ਜਦੋਂ ਕਿ ਕਈ ਸੂਬਿਆਂ ਵਿਚ ਖੱਬੇ-ਸੱਜੇ ਦੋਵੇਂ ਪਾਸੇ ਵੀ ਨੱਕ ਵਿੰਨ੍ਹੇ ਜਾਂਦੇ। ਕਈ ਔਰਤਾਂ ਸੱਜੇ ਪਾਸੇ ਵੀ ਛੇਕ ਕਰਵਾ ਲੈਂਦੀਆਂ ਹਨ। ਗਹਿਣਿਆਂ ਦੀ ਗੱਲ ਕਰਦਿਆਂ ਇਹ ਵੀ ਜ਼ਿਕਰ ਯੋਗ ਹੈ ਕਿ ਗਹਿਣੇ ਔਰਤ ਦੇ ਸੁਹਾਗਣ ਹੋਣ ਦੇ ਪ੍ਰਤੀਕ ਮੰਨੇ ਜਾਂਦੇ ਹਨ। ਕਿਸੇ ਦੇ ਪਤੀ ਦੀ ਮੌਤ ਹੋ ਜਾਣ ’ਤੇ ਚੂੜੀਆਂ ਤੋੜ ਦੇਣ ਵਾਂਗੂੰ ਨੱਕ ਵਿਚੋਂ ਕੋਕਾ ਜਾਂ ਤੀਲ੍ਹੀ ਆਦਿ ਵੀ ਕੱਢ ਦਿੱਤੀ ਜਾਂਦੀ ਹੈ। ਭਾਵੇਂ ਅਜੋਕੇ ਸਮੇਂ ਇਨ੍ਹਾਂ ਬੇਅਰਥ ਰੀਤੀ-ਰਿਵਾਜਾਂ ਨੂੰ ਬਹੁਤ ਹੱਦ ਤਕ ਨਕਾਰਿਆ ਜਾ ਚੁੱਕਾ ਹੈ, ਪਰ ਇਹ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਏ। ਦਲੀਪ ਕੌਰ ਟਿਵਾਣਾ ਨੇ ਤਾਂ ‘ਤੀਲ੍ਹੀ ਦਾ ਨਿਸ਼ਾਨ’ ਨਾਵਲ ਵਿਚ ਨਾਇਕਾ ਕਿਰਨਜੀਤ ਦੀ ਜੋ ਹਾਲਤ ਬਿਆਨ ਕੀਤੀ ਹੈ ਉਸਨੇ ਸਾਡੇ ਖੋਖਲੇ ਰੀਤੀ-ਰਿਵਾਜਾਂ ’ਤੇ ਕਿੰਤੂ ਵੀ ਕੀਤਾ ਹੈ ਅਤੇ ਔਰਤ ਦੀ ਮਾਨਸਿਕ ਟੁੱਟ-ਭੱਜ ਅਤੇ ਸਦਾ ਤੋਂ ਆਪਣੀਆਂ ਰੀਝਾਂ ਦਾ ਬਲੀਦਾਨ ਦੇਣ ਦੀ ਔੌਰਤ ਦੀ ਫਿਤਰਤ ਵੀ ਸਪੱਸ਼ਟ ਕੀਤੀ ਹੈ। ਸੋ ਗਹਿਣੇ ਔਰਤ ਨੂੰ ਖ਼ੁਸ਼ੀ ਵੀ ਦਿੰਦੇ ਹਨ ਤੇ ਦਰਦ ਵੀ।
ਨੱਥ ਤੇ ਲੌਂਗ ਜਿੱਥੇ ਮੁਟਿਆਰਾਂ ਦੇ ਨੱਕ ਦਾ ਸ਼ਿੰਗਾਰ ਬਣੇ ਉੱਥੇ ਇਹ ਲੋਕ ਗੀਤਾਂ ਤੇ ਪੰਜਾਬੀ ਗੀਤਾਂ ਦਾ ਸ਼ਿੰਗਾਰ ਵੀ ਬਣੇ। ਕਦੇ ਕੋਈ ਮੁਟਿਆਰ ਆਪਣੇ ਜੁਆਨ ਸਾਥੀ ਨੂੰ ਕਹਿੰਦੀ ਹੈ:
ਐਥੇ ਮੇਰੀ ਨੱਥ ਡਿੱਗ ਪਈ
ਨਿਉਂ ਕੇ ਚੁੱਕੀਂ ਜੁਆਨਾ
ਕੋਈ ਹੋਰ ਕਹਿੰਦੀ ਹੈ:
ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਂਹਦਾ ਆਈਂ
ਚੀਰੇ ਵਾਲਿਆ ਵੇਖਦਾ ਆਈਂ ਵੇ ਮੇਰਾ ਲੌਂਗ ਗੁਆਚਾ
ਲੌਂਗ ਨੂੰ ਸਭ ਤੋਂ ਵੱਧ ਮਸ਼ਹੂਰ ਕੀਤਾ ਲੋਕ-ਕਾਵਿ ਦੀ ਇਕ ਤੁਕੀ ਬੋਲੀ ਨੇ। ਉਸਦੇ ਬੋਲ ਹਨ:
ਤੇਰੇ ਲੌਂਗ ਦਾ ਪਿਆ ਲਿਸ਼ਕਾਰਾ
ਹਾਲੀਆਂ ਨੇ ਹਲ ਡੱਕ ਲਏ
ਪਰ ਅਜੋਕੇ ਸਮੇਂ ਨਾ ਕੋਈ ਪੰਜਾਬੀ ਬਲਦਾਂਂ ਦੀ ਜੋਗ ਨਾਲ ਹਲ ਵਾਹੁੰਦਾ ਹੈ ਅਤੇ ਨਾ ਹੀ ਲੌਂਗ ਵਾਲੀ ਹਾਲੀਆਂ ਦੀ ਰੋਟੀ ਲੈ ਕੇ ਜਾਂਦੀ ਹੈ। ਜੇ ਕੋਈ ਲੌਂਗ ਵਾਲੀ ਖੇਤਾਂ ਵੱਲ ਜਾਂਦੀ ਹੈ ਤਾਂ ਉਸ ਦੇ ਲੌਂਗ ਦੇ ਲਿਸ਼ਕਾਰੇ ਦਾ ਜ਼ਿਕਰ ਮਰਹੂਮ ਕਵੀ ਸ਼ਮਸ਼ੇਰ ਨਿਰਮਲ ਇਨ੍ਹਾਂ ਸਤਰਾਂ ਵਿਚ ਬਿਆਨ ਕਰਦਾ ਹੋਇਆ ਬੀਤੇ ਅਤੇ ਵਰਤਮਾਨ ਨੂੰ ਨਿਖੇੜ ਕੇ ਕਹਿੰਦਾ ਹੈ:
ਹੁਣ ਤਾਂ ਅੜੀਏ ਟਰੈਕਟਰ ਦੇ ਪਹੀਏ ਥੱਲੇ
ਆ ਜਾਂਦੈ ਲੌਂਗ ਦਾ ਲਿਸ਼ਕਾਰਾ
ਲੌਂਗ ਅਤੇ ਕੋਕਾ ਤਕਰੀਬਨ ਇਕੋ ਜਿਹੀ ਸ਼ਕਲ ਦੇ ਸਾਦੇ ਗਹਿਣੇ ਹਨ। ਇਹ ਅਜੋਕੇ ਸਮੇਂ ਵੀ ਪਹਿਨੇ ਜਾਂਦੇ ਹਨ। ਆਮ ਤੌਰ ’ਤੇ ਇਹ ਨੱਕ ਦੇ ਖੱਬੇ ਪਾਸੇ ਪਾਇਆ ਜਾਂਦਾ ਹੈ। ਤੀਲ੍ਹੀ ਸੋਨੇ ਦੀ ਬਾਰੀਕ ਡੰਡੀ ਉੱਤੇ ਨਿੱਕੀ ਜਿਹੀ ਡੋਡੀ ਵਾਲੀ ਜਾਂ ਉੱਪਰੋਂ ਥੋੜ੍ਹੀ ਮੋਟੀ ਹੁੰਦੀ ਹੈ। ਅੰਦਰਲੇ ਪਾਸੇ ਡੰਡੀ ਵਿਚ ਛੋਟਾ ਜਿਹਾ ਵਾਸ਼ਲ ਨੁਮਾ ਪੇਚ ਜਿਹਾ ਹੁੰਦਾ ਹੈ। ਤੀਲ੍ਹੀ ਨੱਕ ਦੇ ਛੇਕ ’ਚੋਂ ਉੱਪਰੋਂ ਪਾਈ ਜਾਂਦੀ ਤੇ ਅੰਦਰ ਵੱਲ ਉਹ ਪੇਚ ਲਗਾ ਦਿੱਤਾ ਜਾਂਦਾ। ਇਹ ਨੱਕ ਦੇ ਬਾਹਰ ਬਹੁਤੀ ਨਹੀਂ ਦਿਸਦੀ ਬਸ ਨੱਕ ਦਾ ਛੇਕ ਬਰਕਰਾਰ ਰੱਖਣ ਲਈ ਪਾਈ ਜਾਂਦੀ। ਲੌਂਗ, ਨੱਕ ਦੇ ਬਾਹਰ ਵੀ ਦਿੱਸਦਾ ਹੈ। ਇਸ ਦੇ ਸਿਰੇ ਉੱਤੇ ਅਸਲੀ ਲੌਂਗ ਵਾਂਗੂੰ ਨਿੱਕਾ ਜਿਹਾ ਫੁੱਲ ਹੁੰਦਾ ਹੈ। ਸ਼ੌਕ ਨਾਲ ਲੌਂਗ ਵਿਚ ਕੋਈ ਨਗ ਮੋਤੀ ਵੀ ਜੜਾ ਲਏ ਜਾਂਦੇ। ਜਿੱਥੇ ਲੌਂਗ ਦੀ ਉਸਤਤ ਵਿਚ ਲੋਕਗੀਤ ਜਾਂ ਪੰਜਾਬੀ ਗੀਤ ਰਚੇ ਗਏ ਹਨ ਉੱਥੇ ਦਿਖਾਵੇ ਲਈ ਬਿਗਾਨਾ ਗਹਿਣਾ ਪਾਉਣ ਨੂੰ ਨਿੰਦਿਆ ਵੀ ਗਿਆ ਹੈ, ਬੋਲ ਹਨ:
ਨੱਕ ਦੀ ਜੜ ਪੱਟਤੀ ਪਾ ਕੇ ਲੌਂਗ ਬਗਾਨਾ
ਕੋਕੇ ਦਾ ਜ਼ਿਕਰ ਲੌਂਗ ਦੀ ਬਨਿਸਬਤ ਘੱਟ ਮਿਲਦਾ ਹੈ, ਪਰ ਹੰਸ ਰਾਜ ਹੰਸ ਕੋਕੇ ਲਈ ਹੋਕਾ ਦਿੰਦਿਆਂ ਕਹਿੰਦਾ ਹੈ:
ਨੱਚਣ ਤੋਂ ਪਹਿਲਾਂ ਹੋਕਾ ਦਿਆਂਗੇ
ਇਕ ਸੋਨੇ ਦਾ ਕੋਕਾ ਦਿਆਂਗੇ
ਨੱਥ ਅਤੇ ਮੱਛਲੀ ਪਿੰਡਾਂ ਵਿਚ ਔਰਤਾਂ ਆਮ ਨਹੀਂ ਸਨ ਪਾਉਂਦੀਆਂ। ਇਹ ਵੀ ਵੱਡੇ ਘਰਾਂ ਦੀਆਂ ਨੂੰਹਾਂ-ਧੀਆਂ ਨੂੰ ਹੀ ਨਸੀਬ ਹੁੰਦੀ। ਨੱਥਲੀ, ਨੱਥ ਦਾ ਛੋਟਾ ਰੂਪ ਹੁੰਦੀ ਹੈ, ਇਹ ਕੋਈ ਵੀ ਪਾ ਰੱਖਦੀ। ਨੱਥਲੀ ਇਕ ਨਿੱਕੀ ਵਾਲੀ ਵਰਗੀ ਹੁੰਦੀ ਜੋ ਕੋਕੇ ਆਦਿ ਦੇ ਥਾਂ ਪਾ ਲਈ ਜਾਂਦੀ। ਨੱਥ ਦਾ ਆਕਾਰ ਵੱਡਾ ਹੁੰਦਾ, ਇਹ ਵੀ ਪਾਈ ਤਾਂ ਨੱਥਲੀ ਵਾਂਗੂੰ ਹੀ ਜਾਂਦੀ, ਪਰ ਇਹ ਵੱਡੀ ਵੀ ਹੁੰਦੀ ਤੇ ਇਸ ਨੂੰ ਸੋਨੇ ਦੀਆਂ ਪੱਤੀਆਂ ਜਾਂ ਮੋਤੀ ਵਗੈਰਾ ਲੱਗੇ ਹੁੰਦੇ ਅਤੇ ਇਹ ਨੱਕ ’ਤੇ ਝੂਲਦੀ ਬਹੁਤ ਦਿਲਕਸ਼ ਜਾਪਦੀ। ਨੱਥ ਨਾਲ ਮੋਤੀਆਂ ਦੀ ਜਾਂ ਸੋਨੇ ਦੀ ਲੜੀ ਵੀ ਹੁੰਦੀ ਜੋ ਹੁੱਕ ਵਾਲੀ ਹੁੰਦੀ। ਉਸ ਨੂੰ ਖੱਬੇ ਪਾਸੇ ਦੇ ਕੰਨ ਕੋਲ ਉੱਪਰ ਕਰਕੇ ਵਾਲਾਂ ਵਿਚ ਟੰਗ ਦਿੱਤਾ ਜਾਂਦਾ। ਇਹ ਅਸਲ ਵਿਚ ਨੱਥ ਨੂੰ ਸਹਾਰਾ ਦੇਣ ਲਈ ਹੁੰਦੀ ਤਾਂ ਜੋ ਨੱਥ ਦੇ ਬੋਝ ਨਾਲ ਨੱਕ ਨਾ ਦੁਖੇ। ਨੱਥ ਵਿਆਹ ਵਾਲੀ ਕੁੜੀ ਵਿਆਹ ਸਮੇਂ ਪਾਉਂਦੀ। ਪਿੰਡਾਂ ਵਿਚ ਇਹ ਗਹਿਣਾ ਵੀ ਘੱਟ ਦਿਸਦਾ ਸੀ। ਅੱਜ ਸੋਨੇ ਦੀ ਨੱਥ ਬਹੁਤ ਹੀ ਘੱਟ ਦੇਖਣ ਨੂੰ ਮਿਲਦੀ ਹੈ ਤੇ ਵਿਆਹ ਸਮੇਂ ਕਈ ਕੁੜੀਆਂ ਬਨਾਉਟੀ ਨੱਥ ਜ਼ਰੂਰ ਪਾ ਲੈਂਦੀਆਂ ਹਨ। ਅਣਜੋੜ ਵਰ ਵਾਲੀ ਮੁਟਿਆਰ ਤਾਂ ਨੱਥ ਨੂੰ ਦੇਖ-ਦੇਖ ਝੂਰਦੀ ਹੈ:
ਸੱਸ ਮੇਰੀ ਨੇ ਨੱਥ ਘੜਾਈ ਮੈਨੂੰ ਕਹਿੰਦੀ ਪਾ ਕੁੜੇ
ਮਾਹੀ ਤਾਂ ਮੇਰਾ ਲੂਣ ਘੋਟਣਾ ਪਾਵਾਂ ਕੀਹਦੇ ਚਾਅ ਕੁੜੇ
ਨੱਥ-ਮੱਛਲੀ ਭਾਵੇਂ ਅੱਡ-ਅੱਡ ਗਹਿਣੇ ਹਨ, ਪਰ ਫਿਰ ਵੀ ਕਈ ਥਾਈਂ ਇਕੱਠਾ ਨੱਥ ਮੱਛਲੀ ਸ਼ਬਦ ਵੀ ਵਰਤਿਆ ਜਾਂਦਾ ਹੈ। ਮੱਛਲੀ ਸ਼ਬਦ ‘ਮੰਝਲੀ’ ਤੋਂ ਬਣਿਆ ਕਿਹਾ ਜਾਂਦਾ ਹੈ। ਮੰਝਲੀ ਦਾ ਭਾਵ ਵਿਚਕਾਰਲੀ ਤੋਂ ਹੈ। ਇਹ ਗਹਿਣਾ ਕਿਉਂਕਿ ਨੱਕ ਦੇ ਇਕ ਪਾਸੇ ਨਹੀਂ ਬਲਕਿ ਨੱਕ ਦੀ ਵਿਚਕਾਰ ਦੀ ਸਖ਼ਤ ਪੇਪੜੀ ਦੇ ਅਗਲੇ ਹਿੱਸੇ ਵਿਚ ਛੇਕ ਕਰਕੇ ਪਾਇਆ ਜਾਂਦਾ ਜਿਸ ਨੂੰ ਨੱਕ ਦੀ ‘ਨਕੋਲੀ’ ਵੀ ਕਿਹਾ ਜਾਂਦਾ ਹੈ। ਪਿੰਡਾਂ ਵਿਚ ਨੱਕ ਦੀ ਨਕੋਲੀ ਨੂੰ ਵਿੰਨ੍ਹਾਉਣ ਦਾ ਰਿਵਾਜ ਬਹੁਤ ਹੀ ਘੱਟ ਸੀ, ਪਰ ਜੇ ਕਿਸੇ ਨੇ ਮੱਛਲੀ ਪਾਈ ਹੁੰਦੀ ਉਸ ਮੁਟਿਆਰ ਦਾ ਰੂਪ ਦੂਣ ਸੁਆਇਆ ਹੋ ਜਾਂਦਾ। ਮੱਛਲੀ ਵੀ ਸੋਨੇ ਦੀ ਗੋਲ ਵਾਲੀ ਵਰਗੀ ਹੁੰਦੀ। ਇਸ ਨੂੰ ਵੀ ਸੋਨੇ ਦੇ ਬੋਰ ਜਾਂ ਬਾਰੀਕ-ਬਾਰੀਕ ਪੱਤੇ ਲੱਗੇ ਹੁੰਦੇ। ਨਕੋਲੀ ਵਿਚ ਪਾਈ ਮੱਛਲੀ ਪਹਿਨਣ ਵਾਲੀ ਦੇ ਬੁੱਲ੍ਹਾਂ ਨੂੰ ਤੇ ਠੋਡੀ ਨੂੰ ਛੂੰਹਦੀ। ਇਹ ਖ਼ੂਬਸੂਰਤ ਗਹਿਣਾ ਘੜਾਉਣ ਲਈ ਕੋਈ ਨੱਢੀ ਮਜ਼ਾਕ ’ਚ ਕਹਿੰਦੀ:
ਸੁਨਿਆਰੇ ਦਿਆ ਮੁੰਡਿਆ ਵੇ ਮੇਰੀ ਮੱਛਲੀ ਘੜ ਦੇ
ਉੱਤੇ ਪਾ ਦੇ ਮੋਰਨੀਆਂ ਵੇ ਮੈਂ ਸੱਸ ਮੁਕਲਾਵੇ ਤੋਰਨੀਆਂ
ਕਿਸੇ ਸੋਹਣੀ ਸੁਨੱਖੀ ਮੁਟਿਆਰ ਦੀ ਮੱਛਲੀ ਚਰਚਾ ਦਾ ਵਿਸ਼ਾ ਵੀ ਬਣ ਜਾਂਦੀ ਤੇ ਉਸ ਨੂੰ ਸੁਣਨਾ ਪੈਂਦਾ :
ਸੁਣ ਨੀਂ ਕੁੜੀਏ ਮੱਛਲੀ ਵਾਲੀਏ ਮੱਛਲੀ ਨਾ ਚਮਕਾਈਏ
ਹੱਟੀ ਭੱਠੀ ’ਤੇ ਚਰਚਾ ਹੁੰਦੀ ਚਰਚਾ ਨਾ ਕਰਵਾਈਏ
ਵਿਚ ਦੀ ਮੁੰਡਿਆਂ ਦੇ ਸੱਪ ਬਣਕੇ ਲੰਘ ਜਾਈਏ