ਲੰਡਨ, 8 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : -ਢਾਡੀ ਬੀਬੀ ਦਲੇਰ ਕੌਰ (ਪੰਡੋਰੀ ਖ਼ਾਸ) ਅਤੇ ਉਨ੍ਹਾਂ ਦੇ ਪਿਤਾ ਸ: ਸੁਰਜੀਥ ਸਿੰਘ ਖ਼ਾਲਸਾ ਦਾ ਡਰਬੀ ਦੇ ਸਿੱਖ ਅਜਾਇਬ ਘਰ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ | ਇਸ ਮੌਕੇ ਬੋਲਦਿਆਂ ਸ: ਰਾਜਿੰਦਰ ਸਿੰਘ ਪੁਰੇਵਾਲ ਨੇ ਕਿਹਾ ਕਿ ਬੀਬੀ ਦਲੇਰ ਕੌਰ ਨੇ ਛੋਟੀ ਉਮਰ 'ਚ ਹੀ ਸਿੱਖੀ ਦਾ ਪ੍ਰਚਾਰ ਕਰਦਿਆਂ ਚੰਗਾ ਨਾਮਣਾ ਖੱਟਿਆ ਹੈ | ਪਖੰਡੀ ਡੇਰਾਵਾਦ ਅਤੇ ਗੁਰੂ ਡੰਮ੍ਹ ਦੇ ਵਿਰੁੱਧ ਖ਼ਾਲਸਾ ਮਿਸ਼ਨ ਕੌਾਸਲ ਨਾਲ ਮਿਲ ਕੇ ਪੰਥ ਦੀ ਡਟ ਕੇ ਸੇਵਾ ਕਰ ਰਹੇ ਹਨ | ਭਾਈ ਸੁਰਜੀਤ ਸਿੰਘ ਨੇ ਕਿਹਾ ਕਿ ਸਾਨੂੰ ਆਪਣੀ ਬੇਟੀ 'ਤੇ ਮਾਣ ਹੈ, ਅੱਜ ਲੋਕ ਧੀਆਂ ਜੰਮਣ ਤੋਂ ਡਰਦੇ ਹਨ, ਪਰ ਅਸੀਂ ਕਹਿੰਦੇ ਹਾਂ ਕਿ ਅਜਿਹੀਆਂ ਬੱਚੀਆਂ ਰੱਬ ਸਭ ਨੂੰ ਦੇਵੇ | ਡਰਬੀ ਵਿਖੇ ਸਿੱਖ ਅਜਾਇਬਘਰ ਦੇ ਦਰਸ਼ਨ ਕਰਨ ਉਪਰੰਤ ਬੀਬੀ ਦਲੇਰ ਕੌਰ ਤੇ ਭਾਈ ਸੁਰਜੀਤ ਸਿੰਘ ਖ਼ਾਲਸਾ ਨੂੰ ਭਾਈ ਪਿਆਰਾ ਸਿੰਘ, ਸ: ਰਾਜਿੰਦਰ ਸਿੰਘ ਪੁਰੇਵਾਲ, ਸ: ਜਰਨੈਲ ਸਿੰਘ ਬੁੱਟਰ ਅਤੇ ਸ: ਮਨਪ੍ਰੀਤ ਸਿੰਘ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ |