ਨਵੀਂ ਦਿੱਲੀ, 10 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਮੁਲਕ ਦੇ ਤਤਕਾਲੀ ਗ੍ਰਹਿ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਅਦਾਕਾਰਾ ਮੀਨਾ ਕੁਮਾਰੀ ਨੂੰ ਪਛਾਣਨ ਵਿੱਚ ਨਾਕਾਮ ਰਹੇ ਸਨ। ਮੀਨਾ ਕੁਮਾਰੀ ਵੱਲੋਂ ਸ਼ਾਸਤਰੀ ਦੇ ਗ਼ਲ ਵਿੱਚ ਫੁੱਲ ਮਾਲਾ ਪਾਉਣ ਮਗਰੋਂ ਸ਼ਾਸਤਰੀ ਜੀ ਨੇ ਆਪਣੇ ਕੋਲ ਬੈਠੇ ਪੱਤਰਕਾਰ ਕੁਲਦੀਪ ਨਈਅਰ ਨੂੰ ਪੁੱਛਿਆ ਸੀ ਕਿ ਇਹ ਮਹਿਲਾ ਕੌਣ ਹੈ। ਇਹ ਕਿੱਸਾ ਮੁੰਬਈ ਫ਼ਿਲਮ ਸਟੂਡੀਓ ਵਿੱਚ ਇਕ ਪ੍ਰੋਗਰਾਮ ਦਾ ਹੈ, ਜਿੱਥੇ ਫ਼ਿਲਮ ‘ਪਾਕੀਜ਼ਾ’ ਦੀ ਸ਼ੂਟਿੰਗ ਚੱਲ ਰਹੀ ਸੀ। ਇਹ ਘਟਨਾ ਉਦੋਂ ਵਾਪਰੀ ਸੀ ਜਦੋਂ ਮੀਨਾ ਕੁਮਾਰੀ ਬਤੌਰ ਅਦਾਕਾਰਾ ਆਪਣੀ ਸਫ਼ਲਤਾ ਦੇ ਸਿਖਰ ’ਤੇ ਸੀ। ਸ਼ਾਸਤਰੀ ਜੀ ਨੂੰ ‘ਪਾਕੀਜ਼ਾ’ ਦੀ ਸ਼ੂਟਿੰਗ ਵੇਖਣ ਲਈ ਸੱਦਾ ਭੇਜਿਆ ਗਿਆ ਸੀ, ਜਿਸ ਵਿੱਚ ਮੀਨਾ ਕੁਮਾਰੀ ਦੀ ਮੁੱਖ ਭੂਮਿਕਾ ਸੀ। ਮਹਾਂਰਾਸ਼ਟਰ ਦੇ ਤਤਕਾਲੀ ਮੁੱਖ ਮੰਤਰੀ ਵੱਲੋਂ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਦਬਾਅ ਸੀ ਤੇ ਸ਼ਾਸਤਰੀ ਜੀ ਉਨ੍ਹਾਂ ਨੂੰ ਨਾਂਹ ਨਹੀਂ ਕਰ ਸਕੇ।
ਫ਼ਿਲਮ ਦੇ ਸੈੱਟ ’ਤੇ ਮੀਨਾ ਕੁਮਾਰੀ ਤੇ ਲਾਲ ਬਹਾਦੁਰ ਸ਼ਾਸਤਰੀ ਨਾਲ ਜੁੜੀ ਇਸ ਘਟਨਾ ਦਾ ਜ਼ਿਕਰ ਨਈਅਰ ਦੀ ਨਵੀਂ ਕਿਤਾਬ ‘ਆਨ ਲੀਡਰ ਐਂਡ ਆਇਕਾਨ: ਫਰਾਮ ਜਿਨਾਹ ਟੂ ਮੋਦੀ’ ਵਿੱਚ ਕੀਤਾ ਗਿਆ ਹੈ। ਇਹ ਕਿਤਾਬ ਨਈਅਰ ਨੇ ਪਿਛਲੇ ਸਾਲ ਅਗਸਤ ਵਿੱਚ ਆਪਣੇ ਦੇਹਾਂਤ ਤੋਂ ਕੁਝ ਹਫ਼ਤੇ ਪਹਿਲਾਂ ਪੂਰੀ ਕੀਤੀ ਸੀ।
ਇਸ ਪ੍ਰੋਗਰਾਮ ਵਿੱਚ ਫ਼ਿਲਮ ਜਗਤ ਨਾਲ ਜੁੜੀਆਂ ਕਈ ਨਾਮੀਂ ਸ਼ਖ਼ਸੀਅਤਾਂ ਹਾਜ਼ਰ ਸਨ। ਨਈਅਰ ਨੇ ਲਿਖਿਆ, ‘ਕਈ ਵੱਡੇ ਕਲਾਕਾਰ ਮੌਜੂਦ ਸਨ। ਮੀਨਾ ਕੁਮਾਰੀ ਨੇ ਸ਼ਾਸਤਰੀ ਨੂੰ ਮਾਲਾ ਪਹਿਨਾਈ। ਜ਼ੋਰਦਾਰ ਤਾੜੀਆਂ ਵੱਜੀਆਂ।
ਸ਼ਾਸਤਰੀ ਜੀ ਨੇ ਮੈਨੂੰ ਹੌਲੀ ਜਿਹੀ ਪੁੱਛਿਆ, ਇਹ ਮਹਿਲਾ ਕੌਣ ਹੈ। ਮੀਨਾ ਕੁਮਾਰੀ ਕਹਿੰਦਿਆਂ ਮੈਂ ਹੈਰਾਨ ਸੀ। ਸ਼ਾਸਤਰੀ ਜੀ ਨੇ ਤਦ ਵੀ ਅਗਿਆਨਤਾ ਜ਼ਾਹਰ ਕੀਤੀ। ਫ਼ਿਰ ਵੀ ਮੈਂ ਉਨ੍ਹਾਂ ਤੋਂ ਜਨਤਕ ਤੌਰ ’ਤੇ ਇਸ ਗੱਲ ਨੂੰ ਮੰਨਣ ਦੀ ਆਸ ਨਹੀਂ ਸੀ ਕੀਤੀ।’ ਹਾਲਾਂਕਿ ਉਨ੍ਹਾਂ ਸ਼ਾਸਤਰੀ ਦੀ ਸਰਲਤਾ ਤੇ ਇਮਾਨਦਾਰੀ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।