ਇਸਲਾਮਾਬਾਦ,12 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਮੁਲਕ ਵਿਚਲੇ ਉਨ੍ਹਾਂ ‘ਚੋਰਾਂ’ ਖ਼ਿਲਾਫ਼ ਕਾਰਵਾਈ ਦਾ ਅਹਿਦ ਕੀਤਾ ਹੈ ਜਿਨ੍ਹਾਂ ਪਾਕਿ ਨੂੰ ਕਰਜ਼ੇ ਵਿ ਫ਼ਸਾ ਕੇ ਰੱਖ ਦਿੱਤਾ ਹੈ। ਖ਼ਾਨ ਨੇ ਇਕ ਉੱਚ ਪੱਧਰੀ ਕਮਿਸ਼ਨ ਕਾਇਮ ਕੀਤਾ ਹੈ ਜੋ ਲੰਘੇ ਦਹਾਕੇ ਦੌਰਾਨ ਲਏ ਗਏ ਕਰਜ਼ਿਆਂ ਦੀ ਜਾਂਚ ਕਰੇਗਾ। ਉਨ੍ਹਾਂ ਭ੍ਰਿਸ਼ਟਾਚਾਰ ਕੇਸਾਂ ਵਿਚ ਵੱਡੀਆਂ ਸਿਆਸੀ ਹਸਤੀਆਂ ਦੀ ਗ੍ਰਿਫ਼ਤਾਰੀ ਨੂੰ ਜਾਇਜ਼ ਠਹਿਰਾਇਆ ਹੈ। ਖ਼ਜ਼ਾਨਾ ਖ਼ਾਲੀ ਹੋਣ ਦੀ ਦੁਹਾਈ ਦੇ ਕੇ ਪੇਸ਼ ਕੀਤੇ ਆਪਣੀ ਸਰਕਾਰ ਦੇ ਪਹਿਲੇ ਬਜਟ ਤੋਂ ਬਾਅਦ ਦੇਰ ਰਾਤ ਇਮਰਾਨ ਨੇ ਕਿਹਾ ਕਿ ਸਾਰੀ ਆਰਥਿਕ ਸਮੱਸਿਆ ਦੀ ਜੜ੍ਹ ਕਰਜ਼ਾ ਹੈ। ਇਹ ਪਿਛਲੇ ਦਸ ਵਰ੍ਹਿਆਂ ਦੌਰਾਨ ਛੇ ਲੱਖ ਕਰੋੜ ਤੋਂ ਵੱਧ ਕੇ 30 ਲੱਖ ਕਰੋੜ ਹੋ ਗਿਆ ਹੈ। ਹਾਲਾਂਕਿ ਉਨ੍ਹਾਂ ਨਾਲ ਹੀ ਕਿਹਾ ਕਿ ਪਾਕਿਸਤਾਨ ਵਿੱਤੀ ਫਰੰਟ ’ਤੇ ਹੁਣ ਸਥਿਰ ਹੈ। ਇਮਰਾਨ ਨੇ ਕਿਹਾ ਕਿ ਜਾਂਚ ਕਮਿਸ਼ਨ ਵਿਚ ਸੰਘੀ ਜਾਂਚ ਏਜੰਸੀ, ਆਈਬੀ, ਆਈਐੱਸਆਈ, ਰੈਵੇਨਿਊ ਬੋਰਡ ਤੇ ਸਕਿਉਰਿਟੀ ਅਤੇ ਐਕਸਚੇਂਜ ਕਮਿਸ਼ਨ ਦੇ ਅਧਿਕਾਰੀ ਹੋਣਗੇ। ਜ਼ਿਕਰਯੋਗ ਹੈ ਕਿ 2008 ਤੋਂ ਜ਼ਿਆਦਾਤਰ ਸਮਾਂ ਪਾਕਿਸਤਾਨ ਪੀਪਲਜ਼ ਪਾਰਟੀ ਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਸਰਕਾਰ ਰਹੀ ਹੈ। ਖ਼ਾਨ ਨੇ ਕਿਹਾ ਕਿ ਲੰਘੇ ਦਸ ਵਰ੍ਹਿਆਂ ਦੌਰਾਨ ਇਸ ਸਭ ਲਈ ਜ਼ਿੰਮੇਵਾਰ ਰਹੇ ਬਖ਼ਸ਼ੇ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਰਿਪੋਰਟ ਤਿਆਰ ਕੀਤੀ ਜਾਵੇਗੀ ਤੇ ਸਖ਼ਤ ਕਾਰਵਾਈ ਹੋਵੇਗੀ। ਪਾਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਚਾਹੇ ਉਨ੍ਹਾਂ ਦੀ ਜਾਨ ’ਤੇ ਹੀ ਕਿਉਂ ਨਾ ਬਣ ਆਵੇ, ਉਹ ਪਿੱਛੇ ਨਹੀਂ ਹਟਣਗੇ। -