ਸ੍ਰੀਨਗਰ,14 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਜੰਮੂ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ ਵਿੱਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਲਸ਼ਕਰ-ਏ-ਤੋਇਬਾ ਦੇ ਦੋ ਦਹਿਸ਼ਤਗਰਦ ਮਾਰੇ ਗਏ। ਪੁਲੀਸ ਤਰਜਮਾਨ ਨੇ ਦੱਸਿਆ ਕਿ ਮੁਖਬਰੀ ਦੇ ਆਧਾਰ ’ਤੇ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਅਵੰਤੀਪੋਰਾ ਦੇ ਬਰਾਵ ਬੰਦੀਨਾ ਖੇਤਰ ਨੂੰ ਸੁਰੱਖਿਆ ਬਲਾਂ ਨੇ ਘੇਰਾ ਪਾ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਦੌਰਾਨ ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਫੌਜ ਦੇ ਜਵਾਨਾਂ ਵਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਦੋ ਦਹਿਸ਼ਤਗਰਦ ਮਾਰੇ ਗਏ। ਮ੍ਰਿਤਕਾਂ ਦੀ ਪਛਾਣ ਇਰਫਾਨ ਅਹਿਮਦ ਦੇਗੂ ਉਰਫ਼ ਅਬੂ ਜ਼ਰਾਰ ਵਾਸੀ ਨੈਨਾ ਲਿਤਰ ਪੁਲਵਾਮਾ ਅਤੇ ਤਸਾਦੁਕ ਅਮੀਨ ਸ਼ਾਹ ਵਾਸੀ ਕਦਲਾਬਲ ਪੰਪੋਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਜਣੇ ਪਾਬੰਦੀਸ਼ੁਦਾ ਜਥੇਬੰਦੀ ਲਸ਼ਕਰ ਨਾਲ ਜੁੜੇ ਹੋਏ ਸਨ ਅਤੇ ਕਈ ਦਹਿਸ਼ਤੀ ਗਤੀਵਿਧੀਆਂ ਕਾਰਨ ਪੁਲੀਸ ਨੂੰ ਲੋੜੀਂਦੇ ਸਨ। ਪੁਲੀਸ ਰਿਕਾਰਡ ਅਨੁਸਾਰ ਦੇਗੂ ’ਤੇ ਖੇਤਰ ਵਿੱਚ ਦਹਿਸ਼ਤੀ ਹਮਲੇ ਕਰਾਉਣ ਅਤੇ ਸ਼ਾਹ ’ਤੇ ਆਮ ਨਾਗਰਿਕ ਦੀ ਹੱਤਿਆ ਦੇ ਮਾਮਲੇ ਸਮੇਤ ਕਈ ਹੋਰ ਕੇਸ ਦਰਜ ਸਨ। ਮੁਕਾਬਲੇ ਵਾਲੇ ਥਾਂ ਤੋਂ ਹਥਿਆਰ ਅਤੇ ਅਸਲਾ ਵੀ ਕਬਜ਼ੇ ਵਿੱਚ ਲਿਆ ਗਿਆ ਹੈ। -