ਪਟਿਆਲਾ,14 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਝੋਨਾ ਲਵਾਈ ਦੇ ਦੂਜੇ ਦਿਨ ਬਿਜਲੀ ਦੀ ਮੰਗ ਤੇ ਸਪਲਾਈ ਦਾ ਤਵਾਜ਼ਨ ਫ਼ਿਲਹਾਲ ਠੀਕ ਹੈ। ਬਿਜਲੀ ਦੀ ਮੰਗ ਭਾਵੇਂ ਅੱਜ 11,500 ਮੈਗਾਵਾਟ ਦੇ ਅੰਕੜੇ ਦਰਮਿਆਨ ਹੀ ਰਹੀ। ਇਸ ਦੇ ਬਾਵਜੂਦ ਅੱਜ ਲਹਿਰਾ ਮੁਹੱਬਤ ਥਰਮਲ ਪਲਾਂਟ ਦੀ ਇੱਕ ਹੋਰ ਯੂਨਿਟ ਵੀ ਭਖਾ ਦਿੱਤੀ ਗਈ ਹੈ ਜਦੋਂਕਿ ਨਿੱਜੀ ਖੇਤਰ ਦੇ ਤਿੰਨੋਂ ਥਰਮਲਾਂ ਗੋਇੰਦਵਾਲ, ਰਾਜਪੁਰਾ ਤੇ ਤਲਵੰਡੀ ਸਾਬੋ ਦੀਆਂ ਸਾਰੀਆਂ ਹੀ ਦੋ-ਦੋ ਯੂਨਿਟਾਂ ਕਾਰਜਸ਼ੀਲ ਹਨ। ਪਾਵਰਕੌਮ ਨੇ ਹਾਲੇ ਵੀ ਆਪਣੇ ਰੋਪੜ ਤੇ ਲਹਿਰਾ ਮੁਹੱਬਤ ਥਰਮਲ ਦੀ ਇੱਕ-ਇੱਕ ਯੂਨਿਟ ਬੰਦ ਰੱਖੀ ਹੋਈ ਹੈ। ਅਗਲੇ ਦਿਨਾਂ ਅੰਦਰ ਬਿਜਲੀ ਦੀ ਮੰਗ ’ਚ ਵਾਧਾ ਹੋਵੇਗਾ।
ਉਧਰ, ਪਰਸੋਂ ਲੰਘੀ ਰਾਤ ਆਏ ਝੱਖੜ ਤੇ ਤੂਫ਼ਾਨ ਨੇ ਪਾਵਰਕੌਮ ਬਿਜਲੀ ਸਪਲਾਈ ਦਾ ਵੱਡੇ ਪੱਧਰ ’ਤੇ ਨੁਕਸਾਨ ਕੀਤਾ ਸੀ। ਪਾਵਰਕੌਮ ਦੇ ਸੀਐਮਡੀ ਇੰਜੀ. ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਝੱਖੜ ਕਾਰਨ ਪਾਵਰਕੌਮ ਦਾ ਕਾਫ਼ੀ ਨੁਕਸਾਨ ਹੋਇਆ ਹੈ। ਪਰ ਪਾਵਰਕੌਮ ਵੱਲੋਂ ਲੰਘੇ ਕੱਲ੍ਹ ਤੱਕ ਖ਼ਰਾਬ ਸਪਲਾਈ ਨੂੰ ਬਹਾਲ ਕਰ ਦਿੱਤਾ ਗਿਆ ਸੀ। ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਝੱਖੜ ਦੀ ਮਾਰ ਤੋਂ ਪਾਵਰਕੌਮ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।