ਲੁਧਿਆਣਾ ,14 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪਰਿਵਾਰ ਵਾਲਿਆਂ ਖ਼ਿਲਾਫ਼ ਜਾ ਕੇ ਨੌਜਵਾਨ ਨਾਲ ਅਦਾਲਤੀ ਵਿਆਹ ਕਰਵਾਉਣ ਕਾਰਨ ਗੁੱਸੇ ’ਚ ਆਏ ਇੱਕ ਨੌਜਵਾਨ ਨੇ ਆਪਣੇ ਜੀਜਾ ਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਬੇਹੋਸ਼ ਕਰਕੇ ਭੈਣ ਨੂੰ ਅਗਵਾ ਕਰ ਲਿਆ। ਥਾਣਾ ਹੈਬੋਵਾਲ ਪੁਲੀਸ ਨੇ ਅਜੈ ਬਾਜ਼ੀਗਰ ਤੇ ਦੋ ਅਣਪਛਾਤੇ ਨੌਜਵਾਨਾਂ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਹੈਬੋਵਾਲ ਕਲਾਂ ਦੇ ਹਕੀਕਤ ਨਗਰ ਵਾਸੀ ਜਵਾਏ ਨੇ ਦੱਸਿਆ ਕਿ ਉਹ ਬਿਜਲੀ ਮੁਰੰਮਤ ਦਾ ਕੰਮ ਕਰਦਾ ਹੈ। ਉਸ ਦਾ ਸਿਰਸਾ ਦੇ ਪਿੰਡ ਨੇਜਾਡੇਲਾ ਵਾਸੀ ਸੁਨੀਤਾ ਦੇ ਨਾਲ ਪ੍ਰੇਮ ਸਬੰਧ ਸਨ। ਦੋਵਾਂ ਨੇ ਪਰਿਵਾਰ ਵਾਲਿਆਂ ਦੇ ਖ਼ਿਲਾਫ਼ ਜਾ ਕੇ ਲੁਧਿਆਣਾ ਅਦਾਲਤ ’ਚ ਪ੍ਰੇਮ ਵਿਆਹ ਕਰਵਾ ਲਿਆ ਸੀ। ਸੁਨੀਤਾ ਦੇ ਪਰਿਵਾਰ ਵਾਲਿਆਂ ਨੇ ਕਾਫ਼ੀ ਵਿਰੋਧ ਕੀਤਾ। ਕੁਝ ਸਮਾਂ ਲੰਘਣ ਤੋਂ ਬਾਅਦ ਉਹ ਠੀਕ ਹੋ ਗਏ ਤੇ ਦੋ ਦਿਨ ਪਹਿਲਾਂ ਉਸ ਦਾ ਸਾਲਾ ਮੁਲਜ਼ਮ ਅਜੈ ਉਨ੍ਹਾਂ ਦੇ ਘਰ ਆਇਆ ਜਿਸ ਦੇ ਹੱਥ ’ਚ ਮਠਿਆਈ ਦੇ ਡੱਬੇ ਸਨ। ਮੁਲਜ਼ਮ ਨੇ ਦੇਰ ਰਾਤ ਨੂੰ ਉਸ ਨੂੰ, ਸੁਨੀਤਾ, ਉਸ ਦੀ ਭੈਣ ਅਨੂ ਤੇ ਟਵਿੰਕਲ, ਜੀਜਾ ਰੌਬਿਨ ਤੇ ਮਾਂ ਦੇ ਨਾਲ ਨਾਲ ਭਰਾ ਨੂੰ ਵੀ ਮਠਿਆਈ ਖੁਆਈ। ਮਠਿਆਈ ਖਾਣ ਤੋਂ ਬਾਅਦ ਸਾਰੇ ਲੋਕ ਬੇਹੋਸ਼ ਹੋ ਗਏ। ਉਹ ਸਵੇਰੇ ਉਠੇ ਤਾਂ ਪਤਾ ਲੱਗਾ ਕਿ ਮੁਲਜ਼ਮ ਉਸ ਦੀ ਪਤਨੀ ਨੂੰ ਅਗਵਾ ਕਰ ਲੈ ਗਿਆ ਹੈ। ਮੁਲਜ਼ਮ ਦੇ ਨਾਲ ਉਸ ਦੇ ਦੋ ਸਾਥੀ ਵੀ ਸਨ। ਜੁਵਾਏ ਨੇ ਦੱਸਿਆ ਕਿ ਹੁਣ ਉਸ ਦੇ ਸਹੁਰੇ ਵਾਲੇ ਉਸ ’ਤੇ ਦਬਾਅ ਬਣਾ ਰਹੇ ਹਨ ਕਿ ਉਹ ਉਸ ਦੀ ਪਤਨੀ ਨੂੰ ਉਦੋਂ ਵਾਪਸ ਭੇਜਣਗੇ ਜਦੋਂ ਉਹ ਕੇਸ ਵਾਪਸ ਲਵੇਗਾ। ਹੈਬੋਵਾਲ ਥਾਣੇ ’ਚ ਤੈਨਾਤ ਸਬ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਕੁਝ ਥਾਵਾਂ ’ਤੇ ਛਾਪੇ ਮਾਰੇ ਗਏ ਹਨ ਪਰ ਮੁਲਜ਼ਮ ਨਹੀਂ ਮਿਲਿਆ। ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।