ਲੁਧਿਆਣਾ,15 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਸਨਅਤੀ ਸ਼ਹਿਰ ਵਿੱਚ ਅੱਜ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਵੱਲੋਂ ਆਸਿਫ਼ਾ ਜਬਰ-ਜਨਾਹ ਕੇਸ ਵਿੱਚ ਇਨਸਾਫ਼ ਦੀ ਜੰਗ ਲੜਨ ਵਾਲੇ ਵਕੀਲ ਮੂਬੀਨ ਫਾਰੂਖ਼ੀ ਦਾ ਸਨਮਾਨ ਕੀਤਾ ਗਿਆ। ਸ਼ਹਿਰ ਦੇ ਗੁਰੂ ਨਾਨਕ ਭਵਨ ’ਚ ਰੱਖੇ ਸਮਾਗਮ ਵਿੱਚ ਵਕੀਲ ਮੂਬੀਨ ਫਾਰੂਖ਼ੀ ਨੇ ਦੱਸਿਆ ਕਿ ਕਿਵੇਂ ਇਸ ਕੇਸ ਦੀ ਜੰਗ ਲੜੀ ਤੇ ਮਾਸੂਮ ਆਸਿਫ਼ਾ ਦੇ ਪਰਿਵਾਰ ਵਾਲਿਆਂ ਨੂੰ ਇਨਸਾਫ਼ ਮਿਲਿਆ। ਇਸ ਦੌਰਾਨ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ, ਸਮਾਜ ਸੇਵੀ ਸੰਸਥਾਵਾਂ ਦੇ ਮੁਖੀ ਵਿਦਵਾਨਾਂ ਤੇ ਬੁੱਧੀਜੀਵੀ ਨੇ ਆਸਿਫ਼ਾ ਨੂੰ ਸ਼ਰਧਾਂਜਲੀ ਦਿੱਤੀ।
ਸਮਾਗਮ ਵਿੱਚ ਸਿੱਖ ਵਿਦਵਾਨ ਡਾ. ਸੁਖਪ੍ਰੀਤ ਸਿੰਘ ਨੇ ਮੌਜੂਦਾ ਹਾਲਾਤ ’ਤੇ ਫ਼ਿਕਰ ਜ਼ਾਹਰ ਕੀਤਾ। ਇਸ ਮੌਕੇ ’ਤੇ ਨਾਇਬ ਸ਼ਾਹੀ ਇਮਾਮ ਉਸਮਾਨ ਰਹਿਮਾਨੀ ਨੇ ਕਿਹਾ ਕਿ ਅਜਿਹੀ ਦਰਿੰਦਗੀ ਕਿਸੇ ਵੀ ਧਰਮ ਵਿੱਚ ਬਰਦਾਸ਼ਤ ਯੋਗ ਨਹੀਂ ਹੈ। ਪੰਜਾਬੀ ਸਾਹਿਤਕਾਰ ਗੁਰਭਜਨ ਸਿੰਘ ਗਿੱਲ ਨੇ ਆਪਣੀ ਕਵਿਤਾ ਰਾਹੀਂ ਆਸਿਫ਼ਾ ਨੂੰ ਸ਼ਰਧਾਂਜਲੀ ਦਿੱਤੀ। ਸਮਾਜ ਸੇਵੀ ਹਰਲੀਨ ਸੋਨਾ ਨੇ ਧੀਆਂ ਪ੍ਰਤੀ ਹੁੰਦੇ ਜੁਲਮਾਂ ’ਤੇ ਰੋਕ ਲਾਉਣ ਲਈ ਸਾਂਝੇ ਯਤਨਾਂ ਦੀ ਹਾਮੀ ਭਰੀ। ਸਮਾਗਮ ਦੌਰਾਨ ਵਕੀਲ ਮੂਬੀਨ ਫਾਰੂਖ਼ੀ ਨੇ ਭਾਈ ਨਿਹੰਗ ਖਾਂ ਸਨਮਾਨ ਲੈਣ ਉਪਰੰਤ ਅਦਾਲਤ ਵੱਲੋਂ ਕੀਤੇ ਇਨਸਾਫ਼ ’ਤੇ ਤਸੱਲੀ ਜ਼ਾਹਿਰ ਕਰਦਿਆਂ ਕਿਹਾ ਕਿ ‘ਇਨਸਾਫ਼ ਦੀ ਜੰਗ ਜਾਰੀ ਰਹੇਗੀ’। ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਦੇ ਬੁਲਾਰੇ ਗੁਰਸਾਹਿਬ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਅਨੁਸਾਰ ਸਿੱਖ ਕੌਮ ਹਮੇਸ਼ਾ ਹੀ ਸਭ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜ੍ਹਦੀ ਆਈ ਹੈ ਤੇ ਖੜ੍ਹਦੀ ਰਹੇਗੀ। ਸਮਾਗਮ ਦੌਰਾਨ ਬੁਲਾਰੇ ਸੁਖਦੇਵ ਸਿੰਘ ਨੇ ਸਭ ਦਾ ਧੰਨਵਾਦ ਕੀਤਾ।