ਲੰਡਨ,14 ਜੁਲਾਈ (ਪੰਜਾਬੀ ਟਾਇਮਜ਼ ) : ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਦੇ ਕਿਸੇ ਇੱਕ ਟੂਰਨਾਮੈਂਟ ਵਿੱਚ ਬਤੌਰ ਕਪਤਾਨ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ। ਅੱਜ ਇੰਗਲੈਂਡ ਖ਼ਿਲਾਫ਼ ਖੇਡੇ ਗਏ ਫਾਈਨਲ ਵਿੱਚ ਵਿਲੀਅਮਸਨ ਨੇ ਆਪਣੀ ਪਹਿਲੀ ਦੌੜ ਲੈਂਦਿਆਂ ਹੀ ਸ੍ਰੀਲੰਕਾ ਦੇ ਸਾਬਕਾ ਕਪਤਾਨ ਮਹੇਲਾ ਜੈਵਰਧਨੇ ਦਾ ਰਿਕਾਰਡ ਤੋੜ ਦਿੱਤਾ। ਉਸ ਨੇ 2007 ਵਿਸ਼ਵ ਕੱਪ ਦੌਰਾਨ 548 ਦੌੜਾਂ ਬਣਾਈਆਂ ਸਨ। ਵਿਲੀਅਮਸਨ ਨੇ ਫਾਈਨਲ ਵਿੱਚ ਲਿਆਮ ਪਲੰਕੇਟ ਦੀ ਗੇਂਦ ’ਤੇ ਵਿਕਟ ਪਿੱਛੇ ਕੈਚ ਦੇਣ ਤੋਂ ਪਹਿਲਾਂ 30 ਦੌੜਾਂ ਦੀ ਪਾਰੀ ਖੇਡੀ। ਉਸ ਦੇ ਨਾਮ ਹੁਣ 578 ਦੌੜਾਂ ਦਰਜ ਹਨ। ਉਸ ਨੇ ਇਸ ਦੌਰਾਨ ਟੂਰਨਾਮੈਂਟ ਵਿੱਚ ਦੋ ਸੈਂਕੜੇ ਅਤੇ ਦੋ ਨੀਮ-ਸੈਂਕੜੇ ਵੀ ਜੜੇ। ਆਸਟਰੇਲੀਆ ਦਾ ਕਪਤਾਨ ਆਰੋਨ ਫਿੰਚ (507 ਦੌੜਾਂ) ਇਸ ਸੂਚੀ ਵਿੱਚ ਟੀਮ ਦੇ ਸਾਬਕਾ ਕਪਤਾਨ ਰਿੱਕੀ ਪੌਂਟਿੰਗ (2007 ਵਿਸ਼ਵ ਕੱਪ ਵਿੱਚ 539 ਦੌੜਾਂ) ਮਗਰੋਂ ਚੌਥੇ ਸਥਾਨ ’ਤੇ ਹੈ।