ਚੰਡੀਗੜ੍ਹ,17 ਜੁਲਾਈ (ਪੰਜਾਬੀ ਟਾਇਮਜ਼ ) : ਪੀਜੀਆਈ ਦੇ ਸਥਾਪਨਾ ਦਿਵਸ ਮੌਕੇ ਅੱਜ ਸਮਾਗਮ ਕਰਵਾਇਆ ਗਿਆ ਜਿਸ ਵਿਚ ਨੈਸ਼ਨਲ ਅਕੈਡਮੀ ਆਫ਼ ਸਾਇੰਸ ਇੰਡੀਆ (ਨਾਸੀ) ਦੇ ਪ੍ਰੈਜ਼ੀਡੈਂਟ ਪ੍ਰੋ. ਜੀ. ਪਦਮਾਨਾਭਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਸੰਸਥਾ ਦੇ ਵਿਦਿਆਰਥੀਆਂ ਨੂੰ ਹੈਲਥ ਕੇਅਰ ਦੇ ਆਧੁਨਿਕ ਤਰੀਕਿਆਂ ਨੂੰ ਅਪਨਾਉਣ ਅਤੇ ਟੀਚਿਆਂ ਨੂੰ ਪੂਰਾ ਕਰਨ ਪ੍ਰਤੀ ਉਤਸ਼ਾਹਤ ਕੀਤਾ। ਇਸ ਤੋਂ ਪਹਿਲਾਂ ਪੀਜੀਆਈ ਦੇ ਡਾਇਰੈਕਟਰ ਪਦਮਸ੍ਰੀ ਪ੍ਰੋ. ਜਗਤ ਰਾਮ ਨੇ,ੇ ਸੰਸਥਾ ਦੇ ਅਧਿਕਾਰੀਆਂ ਨਾਲ ਜਾਣ-ਪਛਾਣ ਕਰਵਾਈ। ਉਨ੍ਹਾਂ ਦੱਸਿਆ ਕਿ ਪੀਜੀਆਈ ਦਾ ਅਧਿਆਪਨ ਸਟਾਫ਼ ਹੀ ਸੰਸਥਾ ਦੀ ਰੀੜ੍ਹ ਦੀ ਹੱਡੀ ਹੈ। ਇਸ ਸਮੇਂ 500 ਦੇ ਕਰੀਬ ਉੱਚ ਸਿੱਖਿਆ ਪ੍ਰਾਪਤ ਮੈਡੀਕਲ ਸਟਾਫ ਪੀਜੀਆਈ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਟੀਚਿੰਗ ਸਟਾਫ਼ ਵੱਲੋਂ ਮਰੀਜ਼ਾਂ ਦਾ ਇਲਾਜ, ਰੈਜ਼ੀਡੈਂਟਸ ਦੀ ਟ੍ਰੇਨਿੰਗ ਦੇ ਨਾਲ ਨਾਲ ਖੋਜ ਕਾਰਜ ਵੀ ਕੀਤੇ ਜਾਂਦੇ ਹਨ। ਉਨ੍ਹਾਂ ਸੰਸਥਾਨ ਦੇ ਹੋਰਨਾਂ ਬਲਾਕਾਂ ਵਿਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਵੀ ਚਾਨਣਾ ਪਾਇਆ। ਇਸ ਮੌਕੇ ਪੀਜੀਆਈ ਦੇ ਕੁੱਲ 22 ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ। ਮੁੱਖ ਮਹਿਮਾਨ ਵੱਲੋਂ ਹਿਸਟੋਪੈਥਾਲੋਜੀ ਵਿਭਾਗ ਦੇ ਪ੍ਰੋਫੈਸਰ ਨੰਦਿਤਾ ਕੱਕੜ ਵੱਲੋਂ ਮੈਡੀਕਲ ਆਟੋਪਸਿਜ਼ ਉਤੇ ਲਿਖੀ ਵਿਸ਼ਵ ਦੀ ਪਹਿਲੀ ਪੁਸਤਕ ਵੀ ਰਿਲੀਜ਼ ਕੀਤੀ ਗਈ। ਅੰਤ ਵਿਚ ਡੀਨ (ਰਿਸਰਚ) ਪ੍ਰੋ. ਅਰਵਿੰਦ ਰਾਜਵੰਸ਼ੀ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।