ਵੇਰਕਾ,20 ਜੁਲਾਈ (ਪੰਜਾਬੀ ਟਾਇਮਜ਼ ) : ਵਿਧਾਨ ਸਭਾ ਹਲਕਾ ਪੂਰਬੀ ਦੀ ਵਾਰਡ ਨੰਬਰ 24 ਅਧੀਨ ਆਉਂਦੇ ਆਬਾਦੀ ਰਸੂਪਲਪੁਰ ਕੱਲਰ 'ਚੋਂ ਨਿਕਲਦੀ ਪੁਰਾਣੀ ਨਿਕਾਸੀ ਡਰੇਨ ਦੀ ਹੋਂਦ ਖ਼ਤਮ ਹੋਣ 'ਤੇ ਨਿਕਾਸੀ ਦਾ ਕੋਈ ਬਦਲਵਾਂ ਪ੍ਰਬੰਧ ਨਾ ਹੋਣ ਕਾਰਨ ਬਰਸਾਤਾਂ ਦਾ ਮੌਸਮ ਲੋਕਾਂ 'ਤੇ ਭਾਰੂ ਪੈ ਸਕਦਾ ਹੈ। 40 ਖੂਹ ਬਾਗ਼ ਦੇ ਅਖੀਰ 'ਚ ਆਬਾਦੀ ਮੋਹਕਮਪੁਰਾ ਦੇ ਸਾਹਮਣਿਓਂਂ ਅੰਮਿ੍ਤਸਰ-ਵੇਰਕਾ ਰੇਲਵੇ ਲਾਈਨ ਦੀ ਪੁਲ਼ੀ ਹੇਠੋਂ ਨਿਕਲਦੀ ਨਿਕਾਸੀ ਡਰੇਨ ਆਬਾਦੀ ਰਸੂਲਪੁਰ ਕੱਲਰਾਂ 'ਚੋਂ ਹੁੰਦੀ ਹੋਈ ਅੰਮਿ੍ਤਸਰ-ਜਲੰਧਰ ਰੇਲਵੇ ਲਾਈਨ ਤਕ ਪਹੁੰਚਦੀ ਸੀ ਪਰ ਪਿਛਲੇ 6-7 ਸਾਲਾਂ ਤੋਂ ਪਿੰਡ ਦੀ ਨਿਕਾਸੀ ਦੇ ਮੁੱਖ ਸਰੋਤ ਡਰੇਨ ਨੂੰ ਰਸੂਲਪੁਰ ਕੱਲਰਾਂ ਚੌਕ ਦੇ ਮੁੱਖ ਰਸਤੇ ਦੀ ਪੁਲ਼ੀ ਤਕ ਦੇ ਅੱਧੇ ਹਿੱਸੇ 'ਚ ਮਿੱਟੀ ਪਾ ਕੇ ਭਰਨ ਨਾਲ ਡਰੇਨ ਦਾ ਕੋਈ ਅੰਦਾਜ਼ਾ ਨਹੀਂ ਲੱਗਦਾ ਕਿ ਇੱਥੇ ਵੀ ਕਦੇ ਡਰੇਨ ਹੁੰਦੀ ਸੀ। ਚੌਕ ਤੋਂ ਅਗਲੇ ਪਾਸੇ ਸਫ਼ਾਈ ਨਾ ਹੋਣ ਕਾਰਨ ਜੰਗਲੀ ਘਾਹ ਬੂਟੀ 'ਤੇ ਲੰਮੇ ਸਰਕੰਡੇ ਨਾਲ ਭਰੀ ਡਰੇਨ ਨੇ ਰਸੂਲਪੁਰ ਦੇ ਪਾਣੀ ਦੀ ਨਿਕਾਸੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਤਰਾਸਦੀ ਇਹ ਕਿ ਪਿੰਡ ਤੋਂ 300 ਮੀਟਰ ਦੂਰੀ ਤੇ ਅੰਮਿ੍ਤਸਰ-ਜਲੰਧਰ ਰੇਲਵੇ ਲਾਈਨ ਦੀ ਪੁਲ਼ੀ ਹੇਠੋਂ ਪਿਛਲੇ ਕੁਝ ਸਾਲ ਪਹਿਲਾਂ ਡਰੇਨ ਦੀ ਨਿਕਾਸੀ ਦਾ ਪਾਣੀ ਨਗਰ ਸੁਧਾਰ ਟਰੱਸਟ ਸਕੀਮ ਨੇ ਅੱਗੇ ਜਾਣ ਤੋਂ ਸਖ਼ਤੀ ਨਾਲ ਬੰਦ ਕਰ ਦਿੱਤਾ ਹੈ। ਜਿਸ ਦੀ ਨਿਕਾਸੀ ਦਾ ਸਾਰਾ ਗੰਦਾ ਪਾਣੀ ਰਸੂਲਪੁਰ ਪਿੰਡ ਦੇ ਨਜ਼ਦੀਕ ਰੇਲਵੇ ਲਾਈਨਾਂ ਦੇ ਕਿਨਾਰੇ ਵਿਸ਼ਾਲ ਛੱਪੜ ਦੇ ਰੂਪ 'ਚ ਜਮ੍ਹਾਂ ਹੋ ਚੁੱਕਾ ਹੈ ਜੋ ਰੇਲਵੇ ਲਾਈਨਾ ਲਈ ਵੀ ਖ਼ਤਰੇ ਦੀ ਘੰਟੀ ਹੈ। ਜਦੋਂ ਕਿ ਪਹਿਲਾਂ ਡਰੇਨ ਦਾ ਪਾਣੀ ਮਕਬੂਲਪੁਰਾ ਦੇ ਪਿਛਲੇ ਪਾਸਿਓਂ ਹੁੰਦਾ ਈਸਟਮੋਹਨ ਨਗਰ, ਸੁਲਤਾਨਵਿੰਡ ਤੋਂ ਫਤਾਹਪੁਰ ਤਕ ਜਾਂਦਾ ਸੀ। ਨਿਕਾਸੀ ਨਾ ਹੋਣ ਕਾਰਨ ਬਰਸਤਾਂ ਦੇ ਦਿਨਾਂ 'ਚ ਹਰ ਸਾਲ ਰਸੂਲਪੁਰ ਆਬਾਦੀ ਦੇ ਬਹੁਤੇ ਘਰਾਂ 'ਚ ਮੀਂਹ ਦਾ ਪਾਣੀ ਦਾਖ਼ਲ ਹੋ ਲੋਕਾਂ ਲਈ ਮੁਸੀਬਤ ਖੜ੍ਹੀ ਕਰਦਾ ਹੈ। ਪਿਛਲੇ ਸਾਲਾਂ ਦੌਰਾਨ ਪਏ ਮੀਂਹ 'ਚ ਕਈ ਘਰਾਂ ਦੀਆਂ ਛੱਤਾਂ ਡਿੱਗਣ ਕਾਰਨ ਲੋਕਾਂ 'ਤੇ ਪਸ਼ੂਆਂ ਦਾ ਜਾਨੀ ਨੁਕਸਾਨ ਵੀ ਹੋ ਚੁੱਕਾ ਹੈ। ਜਿਸ ਦਾ ਖ਼ਮਿਆਜ਼ਾ ਹੁਣ ਵੀ ਬਰਸਾਤਾਂ ਦੌਰਾਨ ਲੋਕਾਂ ਨੂੰ ਭਗਤਣਾ ਪਵੇਗਾ।
ਇਲਾਕਾ ਵਾਸੀਆਂ ਮੰਗਤ ਰਾਮ, ਨਰੇਸ਼ ਕੁਮਾਰ, ਕੁਲਵੰਤ ਸਿੰਘ, ਦਿਨੇਸ਼ ਕੁਮਾਰ ਨੇ ਨਗਰ ਨਿਗਮ ਦੇ ਡਰੇਨ ਵਿਭਾਗ ਤੋਂ ਮੰਗ ਕੀਤੀ ਕਿ ਨਿਕਾਸੀ ਦਾ ਪਾਣੀ ਘਰਾਂ 'ਚ ਦਾਖ਼ਲ ਹੋਣ ਤੋਂ ਬਚਾਉਣ ਲਈ ਪਿੰਡ ਦੇ ਅਗਲੇ ਪਾਸੇ ਡਰੇਨ ਦੀ ਸਹੀ ਤਰੀਕੇ ਨਾਲ ਸਫ਼ਾਈ ਕਰਵਾ ਕੇ ਨਿਕਾਸੀ ਦਾ ਪਾਣੀ ਛੱਪੜ 'ਚ ਸੁੱਟਣ ਦੀ ਬਜਾਏ ਰੇਲਵੇ ਲਾਈਨ ਦੇ ਅਗਲੇ ਪਾਸੇ ਸੀਵਰੇਜ਼ 'ਚ ਸੁੱਟਣ ਦਾ ਪ੍ਰਬੰਧ ਕਰਵਾ ਕੇ ਰਸੂਲਪੁਰ ਵਾਸੀਆਂ ਨੂੰ ਰਾਹਤ ਦਿੱਤੀ ਜਾਵੇ।
ਛੇਤੀ ਹੀ ਸਮੱਸਿਆ ਦਾ ਹੱਲ ਹੋਵੇਗਾ : ਕੌਂਸਲਰ
ਸੰਪਰਕ ਕਰਨ 'ਤੇ ਵਾਰਡ ਨੰਬਰ 24 ਦੇ ਮੌਜੂਦਾ ਕੌਂਸਲਰ ਰਜਿੰਦਰ ਸਿੰਘ ਸੈਣੀ ਨੇ ਕਿਹਾ ਕਿ ਸੀਵਰੇਜ਼ ਪੈ ਚੁੱਕਾ ਹੈ 'ਤੇ ਘਰਾਂ ਦਾ ਪਾਣੀ ਸੀਵਰੇਜ਼ 'ਚ ਜਾ ਰਿਹਾ ਹੈ। ਨਿਕਾਸੀ 'ਤੇ ਬਰਸਾਤੀ ਪਾਣੀ ਡਰੇਨ 'ਚ ਜਾਂਦਾ ਹੈ। 65 ਲੱਖ ਦਾ ਐਸਟੀਮੇਟ ਬਣਿਆ ਹੈ ਛੇਤੀ ਹੀ ਸਮੱਸਿਆ ਦਾ ਹੱਲ ਹੋਵੇਗਾ।
ਮੀਂਹ ਕਾਰਨ ਰਸੂਲਪੁਰ ਵਾਸੀਆਂ ਨੂੰ ਹੋਵੇਗੀ ਮੁਸ਼ਕਲ : ਸਾਬਕਾ ਕੌਂਸਲਰ
ਇਸ ਸਬੰਧੀ ਅਕਾਲੀ ਦਲ ਦੇ ਸਾਬਕਾ ਕੌਂਸਲਰ ਡਾ. ਜਤਿੰਦਰ ਪਾਲ ਸਿੰਘ ਘੁੰਮਣ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਬਰਸਾਤਾਂ ਸ਼ੁਰੂੂ ਹਨ। ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਰਸੂਲਪੁਰ ਵਾਸੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਜਿਸ ਦਾ ਇਕੋ ਹੱਲ ਰੇਲਵੇ ਪੁਲ਼ੀ ਦੇ ਅਗਲੇ ਪਾਸੇ ਸੀਵਰੇਜ ਨਾਲ ਲਿੰਕ ਜੋੜ ਕੇ ਹੋ ਸਕਦਾ ਹੈ।