ਸੰਗਤ ਮੰਡੀ,11 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਅੱਜ ਦੁਪਹਿਰ ਬਠਿੰਡਾ ਡੱਬਵਾਲੀ ਰੋਡ ਉੱਪਰ ਸੰਗਤ ਕੈਂਚੀਆਂ ‘ਤੇ ਇੱਕ ਆਲਟੋ ਕਾਰ ਅਤੇ ਇੱਕ ਸਵਿੱਫਟ ਕਾਰ ਦੀ ਆਪਸ ਵਿੱਚ ਟੱਕਰ ਹੋ ਗਈ। ਇਸੇ ਦੌਰਾਨ ਸੰਗਤ ਕੈਂਚੀਆਂ ਦੇ ਬੱਸ ਅੱਡੇ ‘ਤੇ ਬੱਸ ਚੜ੍ਹਨ ਲਈ ਖੜ੍ਹੀ ਇੱਕ ਔਰਤ ਹਾਦਸੇ ਦੀ ਲਪੇਟ ਵਿੱਚ ਆ ਗਈ ਜਿਸ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਤੋਂ ਇਲਾਵਾ ਕਾਰਾਂ ਦੀ ਲਪੇਟ ਵਿੱਚ ਅੱਡੇ ‘ਤੇ ਖੜ੍ਹੇ ਮੋਟਰਸਾਈਕਲ ‘ਤੇ ਇੱਕ ਪਰਿਵਾਰ ਜਿਸ ਵਿੱਚ ਬੱਚੇ ਵੀ ਸ਼ਾਮਲ ਸਨ, ਆ ਕੇ ਜ਼ਖਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਆਲਟੋ ਕਾਰ (ਪੀਬੀ 03 ਏਬੀ 9709) ਜਿਸ ਨੂੰ ਦਿਲਪ੍ਰੀਤ ਸਿੰਘ ਪੁੱਤਰ ਪਰਮਪਾਲ ਸਿੰਘ ਵਾਸੀ ਬੰਗੀ ਰੁੱਘੂ ਚਲਾ ਰਿਹਾ ਸੀ ਦੁੱਨੇਵਾਲਾ ਵੱਲ ਤੋਂ ਸੰਗਤ ਮੰਡੀ ਵੱਲ ਆ ਰਿਹਾ ਸੀ ਤਾਂ ਸੜਕ ਕਰਾਸ ਕਰਦੇ ਸਮੇਂ ਉਸ ਦੀ ਕਾਰ ਡੱਬਵਾਲੀ ਤੋਂ ਬਠਿੰਡਾ ਵੱਲ ਆ ਰਹੀ ਸਵਿੱਫਟ ਕਾਰ (ਸੀਐੱਚ 01 ਏਪੀ 1462) ਜਿਸ ਨੂੰ ਅੰਮ੍ਰਿਤਪਾਲ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਬਠਿੰਡਾ ਚਲਾ ਰਿਹਾ ਸੀ, ਨਾਲ ਸੰਗਤ ਕੈਂਚੀਆਂ ‘ਤੇ ਟੱਕਰ ਹੋ ਗਈ।
ਆਲਟੋ ਕਾਰ ਸਵਿੱਫਟ ਕਾਰ ਦੇ ਵਿੱਚ ਵੱਜਣ ਕਾਰਨ ਸਵਿੱਫਟ ਕਾਰ ਨੇ ਬੇਕਾਬੂ ਹੋਕੇ ਬੱਸ ਸਟੈਂਡ ਕੋਲ ਖੜ੍ਹੀਆਂ ਸਵਾਰੀਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ’ਚ ਸਵਾਰਾਂ ਸਵਾਰਾਂ ਦਾ ਤਾਂ ਜਾਨੀ ਨੁਕਸਾਨ ਦੀ ਬਚਾਅ ਹੋ ਗਿਆ ਪਰ ਅੱਡੇ ‘ਤੇ ਬੱਸ ਚੜ੍ਹਨ ਲਈ ਖੜ੍ਹੀ ਕਰਮਜੀਤ ਕੌਰ (55) ਪਤਨੀ ਜਗਸੀਰ ਸਿੰਘ ਵਾਸੀ ਰੋੜੀ ਕਪੂਰਾ ਜ਼ਿਲ੍ਹਾ ਫਰੀਦਕੋਟ ਦੀ ਮੌਕੇ ‘ਤੇ ਮੌਤ ਹੋ ਗਈ।
ਇਸ ਸਬੰਧੀ ਥਾਣਾ ਸੰਗਤ ਦੇ ਏਐੱਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਕਰਮਜੀਤ ਕੌਰ ਦੀ ਲਾਸ਼ ਬਠਿੰਡਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਹਾਊਸ ‘ਚ ਪਈ ਹੈ। ਉਨ੍ਹਾਂ ਦੱਸਿਆ ਕਿ ਅਜੇ ਤੱਕ ਉਨ੍ਹਾਂ ਕੋਲ ਮ੍ਰਿਤਕਾ ਦਾ ਕੋਈ ਪਰਿਵਾਰਕ ਮੈਂਬਰ ਨਹੀ ਪਹੁੰਚਿਆ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।