ਲੰਡਨ,11 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਈਰਾਨ ਵਲੋਂ ਜ਼ਬਤ ਕੀਤੇ ਬਿ੍ਟਿਸ਼ ਸਮੁੰਦਰੀ ਜਹਾਜ਼ ਸਟੇਨਾ ਇਮਪੇਰੋ ਦੇ ਮਾਲਕ ਨੇ ਭਾਰਤ ਨੂੰ ਮਦਦ ਦੀ ਅਪੀਲ ਕੀਤੀ ਹੈ | ਜਹਾਜ਼ ਦੀ ਮਾਲਕੀ ਵਾਲੀ ਕੰਪਨੀ ਸਟੇਨਾ ਬਲਕ ਦੇ ਸੀ.ਈ.ਓ. ਅਤੇ ਮੁਖੀ ਐਰਿਕ ਹਾਨੇਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮਦਦ ਮੰਗੀ ਹੈ | ਉਨ੍ਹਾਂ ਅਪੀਲ ਕੀਤੀ ਕਿ ਜਹਾਜ਼ 'ਚ ਸਵਾਰ ਅਮਲੇ ਸਮੇਤ ਜਲਦੀ ਤੋਂ ਜਹਾਜ਼ ਨੂੰ ਈਰਾਨ ਦੇ ਕਬਜ਼ੇ 'ਚੋਂ ਛੁਡਾਇਆ ਜਾਵੇ | ਜ਼ਿਕਰਯੋਗ ਹੈ ਕਿ ਈਰਾਨੀ ਫੌਜ ਨੇ 19 ਜੁਲਾਈ ਨੂੰ ਬਰਤਾਨਵੀ ਝੰਡੇ ਵਾਲੇ ਇਸ ਤੇਲ ਟੈਂਕਰ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਸੀ | ਜਿਸ 'ਚ 18 ਭਾਰਤੀ ਅਤੇ 5 ਰੂਸ, ਫਿਲਪੀਨਜ਼ ਅਤੇ ਲਾਤਵੀਆ ਦੇਸ਼ਾਂ ਦੇ ਲੋਕ ਸਵਾਰ ਸਨ | ਹਾਨੇਲ ਨੇ ਕਿਹਾ ਕਿ ਜਾਹਜ਼ 'ਚ ਸਵਾਰ ਲੋਕਾਂ ਦੇ ਪਰਿਵਾਰਕ ਮੈਂਬਰ ਬਹੁਤ ਪ੍ਰੇਸ਼ਾਨ ਹਨ | ਉਨ੍ਹਾਂ ਇਹ ਵੀ ਕਿਹਾ ਕਿ ਜਹਾਜ਼ ਦੇ ਅਮਲੇ ਨੇ ਕਿਸੇ ਤਰ੍ਹਾਂ ਦਾ ਕੌਮਤਰੀ ਨਿਯਮ ਨਹੀਂ ਤੋੜਿਆ, ਨਾ ਹੀ ਸਾਨੂੰ ਜਹਾਜ਼ ਤੱਕ ਪਹੁੰਚਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ | ਸਾਨੂੰ ਆਪਣਾ ਪੱਖ ਰੱਖਣ ਦਾ ਮੌਕਾ ਵੀ ਨਹੀਂ ਦਿੱਤਾ ਜਾ ਰਿਹਾ |