ਨਵੀਂ ਦਿੱਲੀ,12 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਉੱਤਰਾਖੰਡ ਅਤੇ ਜੰਮੂ ਕਸ਼ਮੀਰ ’ਚ ਪਏ ਭਾਰੇ ਮੀਂਹ ਕਰ ਕੇ ਢਿੱਗਾਂ ਡਿੱਗਣ ਕਾਰਨ ਨੌਂ ਲੋਕਾਂ ਦੀ ਮੌਤ ਹੋ ਗਈ। ਕੇਰਲਾ, ਕਰਨਾਟਕ, ਮਹਾਰਾਸ਼ਟਰ ਅਤੇ ਗੁਜਰਾਤ ਵਿਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 192 ਹੋ ਗਈ ਹੈ ਜਦੋਂਕਿ ਹੜ੍ਹਾਂ ’ਚ ਫਸੇ ਲੋਕਾਂ ਲਈ ਬਚਾਅ ਤੇ ਰਾਹਤ ਕਾਰਜ ਜਾਰੀ ਹਨ। ਇਨ੍ਹਾਂ ਸੂਬਿਆਂ ਵਿਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਕਰ ਕੇ 12 ਲੱਖ ਲੋਕ ਪ੍ਰਭਾਵਿਤ ਹੋਏ ਹਨ। ਹੁਣ ਮੀਂਹ ਘਟਣ ਕਰ ਕੇ ਪਾਣੀ ਦਾ ਪੱਧਰ ਹੇਠਾਂ ਆਉਣਾ ਸ਼ੁਰੂ ਹੋ ਗਿਆ ਹੈ। ਹੜ੍ਹਾਂ ਕਾਰਨ ਕੇਰਲ ਵਿਚ ਮਰਨ ਵਾਲਿਆਂ ਦੀ ਗਿਣਤੀ 76 ਹੋ ਗਈ ਜਦੋਂਕਿ ਕਰਨਾਟਕ, ਗੁਜਰਾਤ ਅਤੇ ਮਹਾਰਾਸ਼ਟਰ ਵਿਚ ਮਰਨ ਵਾਲਿਆਂ ਦੀ ਗਿਣਤੀ 116 ਤਕ ਪੁੱਜ ਗਈ ਹੈ। ਗੁਜਰਾਤ ਦੇ ਕੱਛ ਜ਼ਿਲ੍ਹੇ ਵਿਚ ਪਾਣੀ ਵਿਚ ਫਸੇ 125 ਲੋਕਾਂ ਨੂੰ ਹਵਾਈ ਫ਼ੌਜ ਵੱਲੋਂ ਸੁਰੱਖਿਅਤ ਥਾਂ ’ਤੇ ਪਹੁੰਚਾਇਆ ਗਿਆ। ਕਰਨਾਟਕ ਅਤੇ ਮਹਾਰਾਸ਼ਟਰ ਵਿਚ ਹੜ੍ਹਾਂ ਕਾਰਨ ਮਿੱਟੀ ਖਿਸਕਣ ਕਰ ਕੇ ਖ਼ਰਾਬ ਹੋਈਆਂ ਸੜਕਾਂ ਦੇ ਮੁਰੰਮਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਉੱਤਰਾਖੰਡ ’ਚ ਮੀਂਹ ਕਰ ਕੇ ਚਮੋਲੀ ਜ਼ਿਲ੍ਹੇ ਦੇ ਤਿੰਨ ਪਿੰਡਾਂ ਵਿਚ ਢਿੱਗਾਂ ਡਿੱਗਣ ਕਾਰਨ ਮਾਂ ਤੇ ਨੌਂ ਮਹੀਨਿਆਂ ਦੀ ਬੱਚੀ ਸਣੇ ਕੁੱਲ ਛੇ ਜਣਿਆਂ ਦੀ ਮੌਤ ਹੋ ਗਈ। ਚੁਫਲਾਗੜ੍ਹ ਨਦੀ ਵਿਚ ਇਸ ਦੇ ਕਿਨਾਰੇ ਬਣੀਆਂ ਦੋ ਇਮਾਰਤਾਂ ਪਾਣੀ ਵਿਚ ਵਹਿ ਗਈਆਂ। ਦੇਹਰਾਦੂਨ ਦੇ ਐਮਰਜੈਂਸੀ ਅਪਰੇਸ਼ਨ ਸੈਂਟਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਢਿੱਗਾਂ ਡਿੱਗਣ ਕਾਰਨ ਜ਼ਿਲ੍ਹੇ ਦੇ ਬੰਜਾਬਗੜ੍ਹ, ਅਲੀਗਾਉਂ ਅਤੇ ਲਾਂਖੀ ਪਿੰਡਾਂ ਵਿਚ ਤਿੰਨ ਘਰ ਮਲਬੇ ਹੇਠਾਂ ਦੱਬੇ ਗਏ। ਇਸ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ। ਮੀਂਹ ਕਾਰਨ ਡਿੱਗੀਆਂ ਢਿੱਗਾਂ ਹੇਠਾਂ ਦੱਬਣ ਕਰ ਕੇ ਜੰਮੂ ਕਸ਼ਮੀਰ ਵਿਚ ਤਿੰਨ ਜਣਿਆਂ ਦੀ ਮੌਤ ਹੋ ਗਈ।
ਢਿੱਗਾਂ ਡਿੱਗਣ ਕਾਰਨ ਜਾਮ ਹੋਈਆਂ ਸੜਕਾਂ ਨੂੰ ਸੋਮਵਾਰ ਨੂੰ ਚਾਲੂ ਕਰ ਦਿੱਤਾ ਗਿਆ ਤੇ ਜ਼ਰੂਰੀ ਸਾਮਾਨ ਨਾਲ ਭਰੇ ਟਰੱਕਾਂ ਨੂੰ ਲੰਘਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਸੀ। ਇਸ ਤਰ੍ਹਾਂ ਸੋਮਵਾਰ ਨੂੰ ਮੁੰਬਈ-ਬੰਗਲੌਰ ਕੌਮੀ ਸ਼ਾਹਰਾਹ-4 ਕੋਹਲਾਪੁਰ ਨੇੜੇ ਛੇ ਦਿਨ ਬੰਦ ਰਹਿਣ ਮਗਰੋਂ ਚਾਲੂ ਕਰ ਦਿੱਤਾ ਗਿਆ। ਬੇਸ਼ੱਕ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਸਥਿਤੀ ਹੁਣ ਨਿਯੰਤਰਣ ਵਿਚ ਆ ਰਹੀ ਹੈ ਪਰ ਉੱਥੇ ਅਜੇ ਵੀ ਇਹਤਿਆਤ ਵਰਤੀ ਜਾ ਰਹੀ ਹੈ।
ਸੋਮਵਾਰ ਨੂੰ ਰਾਹੁਲ ਗਾਂਧੀ ਨੇ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰਾਨ ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ, ਹਵਾਈ ਫ਼ੌਜ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਵੀ ਬਚਾਅ ਤੇ ਰਾਹਤ ਕਾਰਜ ਜਾਰੀ ਹਨ।