ਸ੍ਰੀਨਗਰ,12 ਅਗਸਤ ( ਪੰਜਾਬੀ ਟਾਈਮਜ਼ ਨਿਊਜ਼ ) : ਕਸ਼ਮੀਰ ਦੇ ਸਭ ਤੋਂ ਵੱਡੇ ਸ਼ਹਿਰ ਸ੍ਰੀਨਗਰ ’ਚ ਈਦ ਮੌਕੇ ਸੁਰੱਖਿਆ ਬਲਾਂ ਨੇ ਮੁਕੰਮਲ ਤੌਰ ’ਤੇ ਘੇਰਾਬੰਦੀ ਕੀਤੀ ਹੋਈ ਸੀ ਤਾਂ ਜੋ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਰੱਦ ਕੀਤੇ ਜਾਣ ਦੇ ਫ਼ੈਸਲੇ ਖ਼ਿਲਾਫ਼ ਪ੍ਰਦਰਸ਼ਨਾਂ ਨੂੰ ਰੋਕਿਆ ਜਾ ਸਕੇ। ਸੂਰਾ ’ਚ ਸੈਂਕੜੇ ਲੋਕਾਂ ਨੇ ਨਮਾਜ਼ ਮਗਰੋਂ ਸੜਕਾਂ ’ਤੇ ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ ਪਰ ਅਧਿਕਾਰੀਆਂ ਨੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰਕੇ ਪ੍ਰਦਰਸ਼ਨਾਂ ਨੂੰ ਸੀਮਤ ਕਰ ਦਿੱਤਾ। ਜੁੰਮੇ ਵਾਲੇ ਦਿਨ ਵੀ ਇਸੇ ਥਾਂ ’ਤੇ ਵੱਡੇ ਪ੍ਰਦਰਸ਼ਨ ਹੋਏ ਸਨ। ਸੋਉਰਾ ’ਚ ਜਨਾਬ ਸਾਹਿਬ ਮਸਜਿਦ ’ਚ ਨਮਾਜ਼ ਮਗਰੋਂ ਪ੍ਰਦਰਸ਼ਨਾਂ ’ਚ ਹਿੱਸਾ ਲੈ ਰਹੀ 18 ਵਰ੍ਹਿਆਂ ਦੀ ਮੁਟਿਆਰ ਆਸਿਫ਼ਾ ਨੇ ਕਿਹਾ,‘‘ਅਸੀਂ ਆਜ਼ਾਦੀ ਚਾਹੁੰਦੇ ਹਾਂ। ਅਸੀਂ ਨਾ ਭਾਰਤ ਦਾ ਅਤੇ ਨਾ ਪਾਕਿਸਤਾਨ ਦਾ ਹਿੱਸਾ ਹਾਂ। ਮੋਦੀ ਝੂਠ ਬੋਲ ਰਹੇ ਹਨ ਕਿ ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਇਆ ਜਾਣਾ ਲੋਕਾਂ ਲਈ ਵਧੀਆ ਹੈ। ਅਸੀਂ ਆਖਰੀ ਸਾਹ ਤਕ ਇਸ ਦਾ ਵਿਰੋਧ ਕਰਾਂਗੇ।’’ ਇਲਾਕੇ ਦੀ ਨਿਗਰਾਨੀ ਰੱਖ ਰਹੇ ਹੈਲੀਕਾਪਟਰਾਂ ਦੀ ਆਵਾਜ਼ ਆਉਂਦੇ ਸਾਰ ਹੀ ਪ੍ਰਦਰਸ਼ਨਕਾਰੀਆਂ ਦੇ ਭਾਰਤ ਵਿਰੋਧੀ ਅਤੇ ਪਾਕਿਸਤਾਨ ਪੱਖੀ ਨਾਅਰਿਆਂ ਦੀ ਆਵਾਜ਼ ਤੇਜ਼ ਹੋ ਜਾਂਦੀ ਸੀ। ਪ੍ਰਤੱਖਦਰਸ਼ੀਆਂ ਮੁਤਾਬਕ ਐਤਵਾਰ ਅਤੇ ਸੋਮਵਾਰ ਸਵੇਰੇ ਸੁਰੱਖਿਆ ਬਲਾਂ ’ਤੇ ਪਥਰਾਅ ਦੀਆਂ ਘਟਨਾਵਾਂ ਵੀ ਦੇਖਣ ਨੂੰ ਮਿਲੀਆਂ।