ਲੰਡਨ,8 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) : ਬਰਤਾਨੀਆ ’ਚ ਕੂਟਨੀਤਕ ਮਾਮਲਿਆਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਕਸ਼ਮੀਰ ’ਚ ਤਣਾਅ ਘਟਾਉਣ ’ਚ ਕੌਮਾਂਤਰੀ ਭਾਈਚਾਰਾ ਅਹਿਮ ਭੂਮਿਕਾ ਨਿਭਾਅ ਸਕਦਾ ਹੈ ਅਤੇ ਉੱਤਰੀ ਆਇਰਲੈਂਡ ਸ਼ਾਂਤੀ ਪ੍ਰਕਿਰਿਆ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ‘ਗੁੱਡ ਫਰਾਈਡੇਅ ਸਮਝੌਤੇ’ ਵਾਂਗ ਭਾਰਤ ਤੇ ਪਾਕਿਸਤਾਨ ਵਿਚਾਲੇ ਵਾਰਤਾ ਹੀ ਕਿਸੇ ਸਿੱਟੇ ਤੱਕ ਪਹੁੰਚਣ ’ਚ ਮਦਦ ਕਰ ਸਕਦੀ ਹੈ। ਸੰਯੁਕਤ ਰਾਸ਼ਟਰ ’ਚ ਬਰਤਾਨੀਆ ਦੇ ਪ੍ਰਤੀਨਿਧੀ ਤੇ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀਆਂ ਡੇਵਿਡ ਕੈਮਰੂਨ ਤੇ ਟੈਰੇਜ਼ਾ ਮੇਅ ਦੇ ਕੌਮੀ ਸੁਰੱਖਿਆ ਸਲਾਹਕਾਰ ਰਹਿ ਚੁੱਕੇ ਸਰ ਮਾਰਕ ਲਿਆਲ ਗਰਾਂਟ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੇ ਸਾਬਕਾ ਪਾਕਿਸਤਾਨੀ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਵਿਚਾਲੇ 2001 ’ਚ ਵਾਰਤਾ ਦੌਰਾਨ ਹੱਲ ਲੱਭਣ ਦਾ ਮੌਕਾ ਗੁਆ ਦਿੱਤੇ ਜਾਣ ’ਤੇ ਦੁੱਖ ਜ਼ਹਿਰ ਕੀਤਾ। ਉਨ੍ਹਾਂ ਕਿਹਾ, ‘ਉੱਤਰੀ ਆਇਰਲੈਂਡ ਗੁੱਡ ਫਰਾਈਡੇਅ ਸਮਝੌਤੇ ਵਾਂਗ ਹੀ ਇੱਕ ਸ਼ਾਂਤੀ ਪੂਰਨ ਹੱਲ ਲੱਭਿਆ ਜਾਣਾ ਚਾਹੀਦਾ ਹੈ ਜਿਸ ਤਹਿਤ ਸਥਾਨਕ ਲੋਕਾਂ ਨੂੰ ਕਸ਼ਮੀਰ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ’ਚ ਜਾਣ ਦੀ ਆਜ਼ਾਦੀ ਹੋਵੇ।’ ਕੂਟਨੀਤਕ ਸਲਾਹਕਾਰ ਸਮੂਹ ਸੀਟੀਡੀ ਐਡਵਾਈਜ਼ਰਜ਼ ਵੱਲੋਂ ‘ਕਸ਼ਮੀਰ ਸੰਕਟ ਦੇ ਚਲਦਿਆਂ ਬਰਤਾਨੀਆ ਨੂੰ ਨੁਕਸਾਨ: ਕੀ ਕੋਈ ਹੱਲ ਹੈ?’ ਸਿਰਲੇਖ ਹੇਠ ਬੀਤੇ ਦਿਨ ਹੋਈ ਪੈਨਲ ਚਰਚਾ ਦੌਰਾਨ ਭਾਰਤ, ਪਾਕਿਸਤਾਨ ਤੇ ਬਰਤਾਨੀਆ ਦੇ ਮਾਹਰਾਂ ਨੇ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਏ ਜਾਣ ਦੇ ਭਾਰਤ ਸਰਕਾਰ ਦੇ ਫ਼ੈਸਲੇ ਦੀ ਬਾਰੇ ਵਿਚਾਰ ਚਰਚਾ ਕੀਤੀ। ਸੰਯੁਕਤ ਰਾਸ਼ਟਰ ’ਚ ਪਾਕਿਸਤਾਨ ਦੀ ਸਾਬਕਾ ਪ੍ਰਤੀਨਿਧੀ ਅਤੇ ਬਰਤਾਨੀਆ ’ਚ ਸਾਬਕਾ ਹਾਈ ਕਮਿਸ਼ਨਰ ਤੇ ਅਮਰੀਕਾ ’ਚ ਪਾਕਿਸਤਾਨ ਦੀ ਰਾਜਦੂਤ ਮਲੀਹਾ ਲੋਧੀ ਨੇ ਕਿਹਾ, ‘ਕੋਈ ਵੀ ਖੇਤਰ ’ਚ ਹੋਰ ਤਣਾਅ ਵਧਦਾ ਨਹੀਂ ਦੇਖਣਾ ਚਾਹੁੰਦਾ। ਅਸੀਂ ਬਹੁਤ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਹਾਂ ਅਤੇ ਕੌਮਾਂਤਰੀ ਭਾਈਚਾਰੇ ਨੂੰ ਫਾਇਰ ਬ੍ਰਿਗਡੇ ਵਾਂਗ ਕੰਮ ਕਰਨਾ ਬੰਦ ਕਰਕੇ ਸ਼ਾਂਤੀਪੂਰਨ ਹੱਲ ਲੱਭਣ ਲਈ ਦਖਲ ਦੇਣਾ ਚਾਹੀਦਾ ਹੈ।’
ਇਸੇ ਦੌਰਾਨ ਭਾਰਤੀ ਪੱਤਰਕਾਰ ਨਿਧੀ ਰਾਜਦਾਨ ਨੇ ਕਿਹਾ ਕਿ ਪਾਕਿਸਤਾਨ 1948 ’ਚ ਕਸ਼ਮੀਰ ਨੂੰ ਹਥਿਆਉਣ ’ਚ ਨਾਕਾਮ ਰਿਹਾ ਅਤੇ ਉਸ ਤੋਂ ਬਾਅਦ ਉਸ ਖੇਤਰ ’ਚ ਕਈ ਸਾਲਾਂ ਤੱਕ ਅਤਿਵਾਦ ਨੂੰ ਉਤਸ਼ਾਹ ਦਿੰਦਾ ਰਿਹਾ। -