ਲੰਡਨ,10 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਜੰਮੂ ਕਸ਼ਮੀਰ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾਏ ਜਾਣ ਮਗਰੋਂ ਇੰਗਲੈਂਡ ਦੀਆਂ ਆਮ ਚੋਣਾਂ ’ਚ ਇਹ ਮਸਲਾ ਉਭਾਰਿਆ ਜਾ ਰਿਹਾ ਹੈ। ਉਮੀਦਵਾਰਾਂ ਵੱਲੋਂ ਉਪ ਮਹਾਦੀਪ ਦੀਆਂ ਵੰਡੀਆਂ ਪਾਉਣ ਦੇ ਇਰਾਦਿਆਂ ਨੂੰ ਉਭਾਰੇ ਜਾਣ ਖ਼ਿਲਾਫ਼ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ। ਪ੍ਰਵਾਸੀ ਭਾਰਤੀਆਂ ਦਾ ਕਹਿਣਾ ਹੈ ਕਿ ਕਸ਼ਮੀਰ ਮਸਲੇ ਦੀ ਬਜਾਏ ਇੰਗਲੈਂਡ ਦੀਆਂ ਸਮੱਸਿਆਵਾਂ ’ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਕੁਝ ਭਾਰਤੀ ਪ੍ਰਵਾਸੀਆਂ ਵੱਲੋਂ ਸੋਸ਼ਲ ਮੀਡੀਆ ’ਤੇ ਸੁਨੇਹਿਆਂ ਅਤੇ ਚੈਟ ਗਰੁੱਪਾਂ ਰਾਹੀਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਵਿਰੋਧੀ ਧਿਰ ਲੇਬਰ ਪਾਰਟੀ ਵੱਲੋਂ ਕਸ਼ਮੀਰ ’ਚ ਕੌਮਾਂਤਰੀ ਦਖ਼ਲ ਦੇ ਪੱਖ ’ਚ ਮਤਾ ਪਾਸ ਕਰਨ ਅਤੇ ਉਸ ਦੇ ‘ਭਾਰਤ ਵਿਰੋਧੀ’ ਰਵੱਈਏ ਕਾਰਨ ਪਾਰਟੀ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਭਾਰਤੀ ਮੂਲ ਦੇ ਲੇਬਰ ਸੰਸਦ ਮੈਂਬਰ ਵੀਰੇਂਦਰ ਸ਼ਰਮਾ ਨੇ ਕਿਹਾ,‘‘ਕਸ਼ਮੀਰ ਮਸਲਾ ਉਥੋਂ ਦੇ ਲੋਕਾਂ ਦਾ ਹੈ ਅਤੇ ਸਾਰੇ ਮਸਲੇ ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਤਹਿਤ ਸੁਲਝਾਏ ਜਾਣੇ ਚਾਹੀਦੇ ਹਨ। ਸਾਨੂੰ ਅੱਜ ਬ੍ਰਿਟੇਨ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ।’’ ਈਲਿੰਗ ਸਾਊਥਾਲ ਤੋਂ ਉਮੀਦਵਾਰ ਸ਼ਰਮਾ ਨੇ ਕਿਹਾ ਕਿ ਚੋਣਾਂ ’ਚ ਲੋਕਾਂ ਨੇ ਇਹ ਫ਼ੈਸਲਾ ਲੈਣਾ ਹੈ ਕਿ ਉਹ ਕਿਹੋ ਜਿਹੇ ਬ੍ਰਿਟੇਨ ’ਚ ਰਹਿਣਾ ਚਾਹੁੰਦੇ ਹਨ। 2017 ਦੀਆਂ ਚੋਣਾਂ ’ਚ ਯੂਕੇ ਦੀ ਸੰਸਦ ’ਚ ਚੁਣੇ ਗਏ ਪਹਿਲੇ ਦਸਤਾਰਧਾਰੀ ਸਿੱਖ ਤਨਮਨਜੀਤ ਸਿੰਘ ਢੇਸੀ ਨੇ ਲੇਬਰ ਪਾਰਟੀ ਦੇ ਮਤੇ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਮਨੁੱਖੀ ਹੱਕਾਂ ’ਤੇ ਕੇਂਦਰਿਤ ਸੀ ਅਤੇ ਕਿਸੇ ਵੀ ਤਰ੍ਹਾਂ ਨਾਲ ਭਾਰਤ ਵਿਰੋਧੀ ਨਹੀਂ ਸੀ। ਕੌਮਾਂਤਰੀ ਰਣਨੀਤਕ ਅਧਿਐਨ ਇੰਸਟੀਚਿਊਟ ’ਚ ਦੱਖਣੀ ਏਸ਼ੀਆ ਲਈ ਸੀਨੀਅਰ ਫੈਲੋ ਰਾਹੁਲ ਰਾਏ ਚੌਧਰੀ ਨੇ ਕਿਹਾ ਕਿ ਕਸ਼ਮੀਰ ਕੁਝ ਪਰਵਾਸੀਆਂ ਲਈ ਅਹਿਮ ਮੁੱਦਾ ਹੋ ਸਕਦਾ ਹੈ ਪਰ ਬਾਕੀ ਲਈ ਬ੍ਰੈਗਜ਼ਿਟ ਅਤੇ ਹੋਰ ਮੁੱਦੇ ਵੀ ਅਹਿਮ ਹਨ।