ਬਰਲਿਨ,10 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਜਰਮਨੀ ਦੀ ਚਾਂਸਲਰ ਐਂਜਲਾ ਮਰਕਲ ਬਰਲਿਨ ਦੀ ਕੰਧ ਟੁੱਟਣ ਦੀ 30ਵੀਂ ਵਰ੍ਹੇਗੰਢ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁਨੀਆਂ ਵਿੱਚ ਕੋਈ ਵੀ ਕੰਧ ਇੰਨੀ ਉੱਚੀ ਨਹੀਂ ਹੈ ਜੋ ਲੋਕਾਂ ਨੂੰ ਵੱਖ ਕਰ ਸਕੇ ਤੇ ਉਨ੍ਹਾਂ ਨੂੰ ਆਜ਼ਾਦੀ ਤੋਂ ਦੂਰ ਰੱਖਿਆ ਜਾ ਸਕੇ ਅਤੇ ਅਜਿਹੀ ਕੋਈ ਕੰਧ ਨਹੀਂ ਹੈ ਜਿਸ ਨੂੰ ਤੋੜਿਆ ਨਾ ਜਾ ਸਕੇ।
ਉਨ੍ਹਾਂ ਕਿਹਾ ਕਿ ਆਜ਼ਾਦੀ, ਜਮਹੂਰੀਅਤ, ਬਰਾਬਰੀ, ਕਾਨੂੰਨ ਤੇ ਮਨੁੱਖੀ ਅਧਿਕਾਰਾਂ ਜਿਹੀਆਂ ਕਦਰਾਂ ਕੀਮਤਾਂ ਦੇ ਆਧਾਰ ’ਤੇ ਯੋਰਪ ਦੀ ਬੁਨਿਆਦ ਰੱਖੀ ਗਈ ਹੈ ਪਰ ਇਨ੍ਹਾਂ ਕਦਰਾਂ ਕੀਮਤਾਂ ਨੂੰ ਸਮੇਂ-ਸਮੇਂ ’ਤੇ ਨਵਿਆਇਆ ਜਾਣਾ ਜ਼ਰੂਰੀ ਹੈ। ਉਨ੍ਹਾਂ ਬਰਲਿਨ ਕੰਧ ਯਾਦਗਾਰ ’ਚ ਸੰਬੋਧਨ ਕਰਦਿਆਂ ਕਿਹਾ, ‘ਸਾਨੂੰ ਆਜ਼ਾਦੀ ਤੇ ਜਮਹੂਰੀਅਤ ਲਈ ਸਭ ਕੁਝ ਕਰਨਾ ਚਾਹੀਦਾ ਹੈ।’