ਚੰਡੀਗੜ੍ਹ,11 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਸਰੋਤ ਪੱਧਰ ਤੋਂ ਹੀ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖਰਾ ਵੱਖਰਾ ਇਕੱਤਰ ਕਰਨ ਦੀ ਯੋਜਨਾ ਅੱਜ ਇੱਥੋਂ ਦੇ ਸੈਕਟਰ-17 ਤੋਂ ਸ਼ੁਰੂ ਕੀਤੀ ਗਈ। ਸ਼ਹਿਰ ਦਾ ਇਹ ਪਹਿਲਾ ਸੈਕਟਰ ਹੈ ਜਿੱਥੋਂ ਇਹ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹਾਲ ਹੀ ਵਿੱਚ ਨਗਰ ਨਿਗਮ ਦੇ ਹਵਾਲੇ ਕੀਤੇ ਗਏ 13 ਪਿੰਡਾਂ ਵਿੱਚ ਇਹ ਸਿਸਟਮ ਲਾਗੂ ਕੀਤਾ ਜਾ ਚੁੱਕਾ ਹੈ। ਇੱਥੇ ਸੈਕਟਰ-17 ਵਿੱਚ ਸ਼ੁਰੂ ਕੀਤੀ ਗਈ ਗਈ ਇਸ ਯੋਜਨਾ ਦਾ ਉਦਘਾਟਨ ਚੰਡੀਗੜ੍ਹ ਦੇ ਮੇਅਰ ਰਾਜੇਸ਼ ਕਾਲੀਆ ਨੇ ਕੀਤਾ ਉਨ੍ਹਾਂ ਨੇ ਇਸ ਕਾਰਜ ਲਈ ਤਿਆਰ ਕੀਤੀਆਂ ਗਈਆਂ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਨਿਗਮ ਅਨੁਸਾਰ ਇਨ੍ਹਾਂ ਵਾਹਨਾਂ ਨਾਲ ਇਸ ਸੈਕਟਰ ਵਿੱਚੋਂ ਰੋਜ਼ਾਨਾ 8 ਤੋਂ 10 ਮੀਟ੍ਰਿਕ ਟਨ ਕੂੜਾ ਨਿਯਮਾਂ ਅਨੁਸਾਰ ਵੱਖਰਾ ਵੱਖਰਾ ਕਰਕੇ ਇਕੱਤਰ ਕੀਤਾ ਜਾਵੇਗਾ। ਸ੍ਰੀ ਕਾਲੀਆ ਨੇ ਕਿਹਾ ਕਿ ਨਿਗਮ ਦੀ ਇਸ ਯੋਜਨਾ ਨੂੰ ਸ਼ਹਿਰ ਦੇ ਬਾਕੀ ਦੇ ਸੈਕਟਰਾਂ ਵਿੱਚ ਵੀ ਛੇਤੀ ਹੀ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਨਿਗਮ ਦੀ ਸੈਨੀਟੇਸ਼ਨ ਕਮੇਟੀ ਦੇ ਚੇਅਰਮੈਨ ਸ਼ਕਤੀ ਪ੍ਰਸਾਦ ਦੇਵਸ਼ਾਲੀ ਸਮੇਤ ਸੈਕਟਰ-17 ਦੀ ਮਾਰਕੀਟ ਐਸੋਸੀਏਸ਼ਨ ਦੇ ਆਗੂ ਤੇ ਹੋਰ ਦੁਕਾਨਦਾਰ ਵੀ ਹਾਜ਼ਰ ਸਨ।