ਅੰਮ੍ਰਿਤਸਰ,12 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਬਨਾਰਸ ਯੂਨੀਵਰਸਿਟੀ ਦੇ ਵਿਦਵਾਨ ਪ੍ਰੋਫੈਸਰ ਡਾ. ਚੌਥੀ ਰਾਮ ਯਾਦਵ ਨੇ ਅੱਜ ਇਥੇ ਕਿਹਾ ਕਿ ਅੱਜ ਜਦੋਂ ਜਾਤ-ਜਾਤ ਨਾਲ, ਧਰਮ-ਧਰਮ ਨਾਲ ਤੇ ਇਲਾਕਾ-ਇਲਾਕੇ ਨਾਲ ਨਫ਼ਰਤ ਕਰਨ ਤੁਰ ਪਿਆ ਹੈ ਤਾਂ ਇਸ ਸਮੇਂ ਗੁਰੂ ਨਾਨਕ ਦੇਵ ਜੀ ਦੀਆਂ ਮਨੁੱਖਤਾ ਨੂੰ ਜੋੜਨ ਵਾਲੀਆਂ ਸਿੱਖਿਆਵਾਂ ਦੀ ਸਖ਼ਤ ਲੋੜ ਹੈ ਤਾਂ ਕਿ ਸਮਾਜ ਵਿੱਚ ਮੁੜ ਕੇ ਲੋਕਾਂ ਦੇ ਜੁੜਨ ਦੀ ਗੱਲ ਤੋਰੀ ਜਾ ਸਕੇ। ਪ੍ਰੋ. ਯਾਦਵ ਇਥੇ ਵਿਰਸਾ ਵਿਹਾਰ ਵਿਚ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਜ਼ਿਲ੍ਹਾ ਅੰਮ੍ਰਿਤਸਰ ਇਕਾਈ ਵੱਲੋਂ ਫ਼ੋਕਲੋਰ ਰਿਸਰਚ ਅਕਾਦਮੀ, ਵਿਰਸਾ ਵਿਹਾਰ ਸੁਸਾਇਟੀ ਅਤੇ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰਵਾਏ ਗਏ ਕੌਮੀ ਪੱਧਰ ਦੇ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਗੁਰੂ ਨਾਨਕ ਬਾਣੀ,ਸਮਕਾਲੀਨ ਸਰੋਕਾਰ ਅਤੇ ਭਗਤੀ ਲਹਿਰ ਦੇ ਵਿਸ਼ੇ ’ਤੇ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਅੱਜ ਦਾ ਬ੍ਰਾਹਮਣਵਾਦ ਫ਼ਾਸ਼ੀਵਾਦ ਵੱਲ ਤੁਰ ਪਿਆ ਹੈ ਅਤੇ ਗਰੀਬ ਲੋਕਾਂ ਦੀਆਂ ਹੱਤਿਆਵਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਬੰਦੇ ਦੀ ਪਛਾਣ ਉਸਦੇ ਵਿਚਾਰਾਂ ਤੋਂ ਹੋਣੀ ਚਾਹੀਦੀ ਹੈ, ਉਸਦੀ ਜਾਤ ਜਾਂ ਧਰਮ ਤੋਂ ਨਹੀਂ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਦੇ ਲੋਕਾਂ ਦੀ ਭਾਸ਼ਾ, ਬੋਲੀ ਵਿੱਚ ਬਾਣੀ ਲਿਖੀ ਅਤੇ ਇਕ ਨਵੇਂ ਫ਼ਲਸਫ਼ੇ ਨੂੰ ਜਨਮ ਦਿੱਤਾ। ਉਸ ਸਮੇਂ ਸੰਸਾਰ ਵਿੱਚ ਦੋ ਲੋਕ ਵਿਰੋਧੀ ਧਾਰਾਵਾਂ ਚੱਲ ਰਹੀਆਂ ਸਨ, ਜਿਸ ਖਿਲਾਫ਼ ਬੋਲਣਾ ਤੇ ਲੋਕਾਂ ਨੂੰ ਜਗਾਉਣਾ ਇਕ ਇਨਕਲਾਬੀ ਕਦਮ ਸੀ। ਉਨ੍ਹਾਂ ਗੁਰੂ ਨਾਨਕ ਦੀ ਸੰਵਾਦ ਵਿਧੀ ’ਤੇ ਗੱਲ ਕਰਦਿਆਂ ਕਿਹਾ ਕਿ ਦਲੀਲ ਨਾਲ ਕਿਸੇ ਦੀ ਗੱਲ ਨਾਲ ਸਹਿਮਤ ਜਾ ਅਸਹਿਮਤ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਰਾਜਸੀ ਲੋਕ ਗੁਰੂ ਨਾਨਕ ਨੂੰ ਸੱਤਾ ਦੀ ਅਜ਼ਮਾਇਸ਼ ਵਜੋਂ ਵਰਤਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਇਸ ਲੋਕ ਵਿਰੋਧੀ ਸਿਆਸਤ ਨੂੰ ਸਮਝਣਾ ਲੋਕਾਂ ਲਈ ਪ੍ਰਮੁੱਖ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਸਾਧਾਰਣ ਲੋਕਾਂ ਦੀ ਆਸਥਾ ਨੂੰ ਸਮਝਣਾ ਅਤੇ ਅਸਲੀਅਤ ਤੋਂ ਜਾਣੂ ਕਰਵਾਉਣਾ ਵੀ ਸਾਡਾ ਫਰਜ਼ ਹੈ। ਗੁਰੂ ਨਾਨਕ ਨੇ ਜਿਥੇ ਅਧਿਆਤਮਕ ਮਸਲੇ ਉਜਾਗਰ ਕੀਤੇ, ਉਥੇ ਉਸ ਸਮੇਂ ਦੇ ਮਨੁੱਖ ਨੂੰ ਪੇਸ਼ ਨੈਤਿਕ, ਸਮਾਜਿਕ ਅਤੇ ਆਰਥਿਕ ਮਸਲਿਆਂ ਬਾਰੇ ਵੀ ਗੱਲ ਕੀਤੀ ਤੇ ਖਾਸ ਕਰਕੇ ਔਰਤ ਵਰਗ ਬਾਰੇ ਉਨ੍ਹਾਂ ਪ੍ਰਮੁੱਖਤਾ ਨਾਲ ਇਸਦੀ ਹੋਂਦ ਨੂੰ ਬਚਾਉਣ ਦੀ ਗੱਲ ਆਖੀ।
ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਪੰਜਾਬ ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰੋ. ਸੁਰਜੀਤ ਜੱਜ ਨੇ ਕਿਹਾ ਕਿ 50 ਸਾਲ ਪਹਿਲਾਂ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਦਿਅਕ ਅਦਾਰੇ ਉਸਾਰਨ ਦੀ ਗੱਲ ਸ਼ੁਰੂ ਕੀਤੀ ਸੀ ਪਰ ਇਸ ਵਾਰ ਇਹ ਦੋਨਾਂ ਦੇ ਏਜੰਡੇ ਤੋਂ ਗਾਇਬ ਰਹੀਂ। ਲੇਖਕ ਸੰਘ ਦੇ ਜ਼ਿਲ੍ਹਾ ਪ੍ਰਧਾਨ ਭੂਪਿੰਦਰ ਸਿੰਘ ਸੰਧੂ ਨੇ ਕਿਹਾ ਕਿ ਇਸ ਸਮੇਂ ਗੁਰੂ ਨਾਨਕ ਦੇ ਫਲਸਫ਼ੇ ਦੀ ਬਜਾਏ ਵਪਾਰਕ ਗੱਲਾਂ ’ਤੇ ਕੰਮਾਂ ਵਿੱਚ ਮਸਤ ਹੋ ਜਾਣਾ ਇਕ ਤਰ੍ਹਾਂ ਗੁਰੂ ਨਾਨਕ ਤੋਂ ਦੂਰੀ ਵੱਲ ਜਾ ਰਹੇ ਕਦਮ ਹੀ ਹਨ। ਇਸ ਮੌਕੇ ਗੁਰਬਾਜ਼ ਸਿੰਘ ਛੀਨਾ ਦੀ ਲਿਖੀ ਪੁਸਤਕ ‘ਕਿਰਤ ਖੁਮਾਰੀ’ ਦਾ ਲੋਕ ਅਰਪਣ ਕੀਤਾ ਗਿਆ, ਜਿਸ ਨੂੰ ਬੁਲਾਰਿਆਂ ਨੇ ਸੱਚੀ ਕਿਰਤ ਦੱਸਿਆ। ਇਸੇ ਦੌਰਾਨ ਮੈਗਜ਼ੀਨ ‘ਮੇਘਲਾ’ ਦਾ ਵਿਮੋਚਨ ਵੀ ਕੀਤਾ ਗਿਆ। ਸਭ ਦਾ ਧੰਨਵਾਦ ਫ਼ੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਅਤੇ ਕਮਲ ਗਿੱਲ ਨੇ ਕੀਤਾ। ਅਕਾਦਮੀ ਦੇ ਅਹੁਦੇਦਾਰਾਂ ਵੱਲੋਂ ਸ੍ਰੀ ਚੌਥੀ ਰਾਮ ਯਾਦਵ ਦਾ ਸਨਮਾਨ ਵੀ ਕੀਤਾ ਗਿਆ।