ਖਰੜ,12 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਇੱਕ ਪਾਸੇ ਜਿਥੇ ਪੰਜਾਬ ਵਿਚ ਜ਼ਮੀਨ-ਜਾਇਦਾਦ ਦੀਆਂ ਕੀਮਤਾਂ ਵਿਚ ਮੰਦੇ ਦਾ ਰੁਝਾਨ ਸਾਫ ਨਜ਼ਰ ਆ ਰਿਹਾ ਹੈ ਉਥੇ ਦੂਸਰੇ ਪਾਸੇ ਖਰੜ ਖੇਤਰ ਵਿਚ ਮਕਾਨਾਂ ਅਤੇ ਫਲੈਟਾਂ ਵਿਚ ਲੋਕਾਂ ਵਲੋਂ ਵਧੇਰੇ ਦਿਲਚਸਪੀ ਦਿਖਾਈ ਜਾ ਰਹੀ ਹੈ। ਤਹਿਸੀਲ ਵਿਚੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਸਾਲ 2017-18 ਵਿਚ ਸਬ ਰਜਿਸਟਰਾਰ ਖਰੜ ਦੇ ਦਫਤਰ ਵਿਚ ਅਸ਼ਟਾਮ ਡਿਊਟੀ ਆਦਿ ਤੋਂ 125 ਕਰੋੜ 4 ਲੱਖ ਰੁਪਏ ਦੇ ਕਰੀਬ ਸਰਕਾਰ ਨੂੰ ਆਮਦਨ ਹੋਈ ਸੀ। ਇਹ ਆਮਦਨ ਸਾਲ 2018 ਤੋਂ 2019 ਤੱਕ ਵਧ ਕੇ 138 ਕਰੋੜ 40 ਲੱਖ ਦੇ ਰੁਪਏ ਦੇ ਕਰੀਬ ਹੋ ਗਈ। ਇਸ ਸਾਲ ਅਪਰੈਲ 2019 ਤੋਂ ਲੈ ਕੇ ਅਕਤੂਬਰ 2019 ਤੱਕ ਸਰਕਾਰ ਨੂੰ ਸਟੈਂਪ ਡਿਊਟੀ ਅਤੇ ਰਜਿਸਟਰੇਸ਼ਨ ਫੀਸ ਆਦਿ ਤੋਂ 85 ਕਰੋੜ 83 ਲੱਖ ਰੁਪਏ ਦੀ ਆਮਦਨ ਹੋ ਚੁੱਕੀ ਹੈ ਅਤੇ ਜਿਸ ਗਤੀ ਨਾਲ ਇਥੇ ਖਰੀਦੋ-ਫਰੋਕਤ ਹੋ ਰਹੀ ਹੈ ਉਸ ਤੋਂ ਇਸ ਗੱਲ ਦੀ ਪੂਰੀ ਸੰਵਾਵਨਾ ਹੈ ਕਿ ਚਾਲੂ ਮਾਲੀ ਸਾਲ ਦੌਰਾਨ ਦੀ ਇਹ ਆਮਦਨ ਪਿਛਲੇ ਸਾਲਾਂ ਨਾਲੋਂ ਵੱਧ ਹੋਵੇਗੀ। ਸਾਲ 2017-18 ਵਿਚ 13 ਹਜ਼ਾਰ 764 ਵਸੀਕੇ ਖਰੜ ਵਿਖੇ ਰਜਿਸਟਰ ਹੋਏ ਸਨ ਜੋ ਸਾਲ 2018-19 ਵਿਚ ਵੱਧ ਕੇ 16 ਹਜ਼ਾਰ 108 ਹੋ ਗਏ। ਚਾਲੂ ਮਾਲੀ ਸਾਲ ਦੌਰਾਨ ਅਪਰੈਲ ਤੋਂ ਅਕਤੂਬਰ ਤੱਕ 10 ਹਜ਼ਾਰ 259 ਵਸੀਕੇ ਇਥੇ ਰਜਿਸਟਰ ਹੋ ਚੁੱਕੇ ਹਨ। ਅਕਤੂਬਰ ਮਹੀਨੇ ਵਿਚ ਵਸੀਕਿਆਂ ਦੀ ਗਿਣਤੀ ਵਿਚ ਪਿਛਲੇ ਸਾਲ ਦੇ ਮੁਕਾਬਲੇ 18 ਫੀਸਦੀ ਵੱਧ ਦਰਜ ਕੀਤੀ ਗਈ। ਅਜਿਹਾ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਬੱਚਿਆਂ ਦੇ ਇਥੇ ਪੜ੍ਹਨ ਕਰਕੇ ਹੋ ਰਿਹਾ ਹੈ। ਉਨ੍ਹਾਂ ਦੇ ਮਾਪੇ ਇਸ ਥਾਂ ’ਤੇ ਜ਼ਿਆਦਾ ਜ਼ਮੀਨ ਜਾਂ ਫਲੈਟਾਂ ਦੀ ਖਰੀਦੋ ਫਰੋਖਤ ਕਰ ਰਹੇ ਹਨ। ਸਬ ਰਜਿਸਟਾਰ ਖਰੜ ਗੁਰਮੰਦਰ ਸਿੰਘ ਨੇ ਦੱਸਿਆ ਕਿ ਮੌਜੂਦਾ ਸਰਕਾਰ ਦੀਆਂ ਬਣਾਈਆਂ ਨੀਤੀਆਂ ਕਾਰਨ ਇਥੇ ਰਜਿਸਟਰੀਆਂ ਕਰਵਾਉਣ ਵਾਲੇ ਲੋਕਾਂ ਨੂੰ ਬਹੁਤ ਸਹੂਲਤ ਹੋ ਰਹੀ ਹੈ ਅਤੇ ਉਨ੍ਹਾਂ ਦੀਆਂ ਬਿਨਾਂ ਦੇਰੀ ਰਜਿਸਟਰੀਆਂ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜਿਥੇ ਸਰਕਾਰ ਦੀ ਆਮਦਨ ਵਿਚ ਵਾਧਾ ਹੋਇਆ ਹੈ ਉਥੇ ਲੋਕਾਂ ਨੂੰ ਵੀ ਬਹੁਤ ਸਹੂਲਤ ਮਿਲ ਰਹੀ ਹੈ।