ਜੰਮੂ,12 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿਚ ਅੱਜ ਇਕ ਐੱਸਯੂਵੀ 700 ਮੀਟਰ ਡੂੰਘੀ ਖੱਡ ਵਿਚ ਡਿੱਗਣ ਕਾਰਨ 16 ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਪੰਜ ਔਰਤਾਂ ਤੇ ਤਿੰਨ ਬੱਚੇ ਹਨ। ਡੋਡਾ ਦੀ ਐੱਸਐੱਸਪੀ ਮੁਮਤਾਜ਼ ਅਹਿਮਦ ਨੇ ਦੱਸਿਆ ਕਿ ਹਾਦਸਾ ਪਹਾੜੀ ਜ਼ਿਲ੍ਹੇ ਦੇ ਮਰਮਟ ਇਲਾਕੇ ਵਿਚ ਵਾਪਰਿਆ। ਹਾਦਸੇ ’ਚੋਂ ਬਚੇ ਇਕੋ-ਇਕ ਵਿਅਕਤੀ ਦੀ ਹਾਲਤ ਗੰਭੀਰ ਹੈ ਤੇ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਜੰਮੂ ਲਿਜਾਇਆ ਗਿਆ ਹੈ। 12 ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਚਾਰ ਹੋਰ ਇਲਾਜ ਦੌਰਾਨ ਦਮ ਤੋੜ ਗਏ। ਅਧਿਕਾਰੀਆਂ ਮੁਤਾਬਕ ਵਾਹਨ ਕਲੀਨੀ ਤੋਂ ਗੋਵਾ ਪਿੰਡ ਵੱਲ ਜਾ ਰਿਹਾ ਸੀ ਤੇ ਇਕ ਤਿੱਖੇ ਮੋੜ ’ਤੇ ਡਰਾਈਵਰ ਵਾਹਨ ਤੋਂ ਕਾਬੂ ਗੁਆ ਬੈਠਾ। ਘਟਨਾ ਦੁਪਹਿਰ ਬਾਅਦ ਕਰੀਬ 3.25 ’ਤੇ ਵਾਪਰੀ। ਇਸੇ ਦੌਰਾਨ ਜੰਮੂ ਸ਼ਹਿਰ ਦੇ ਬਾਹਰ ਮੀਰਾਂ ਸਾਹਿਬ ਕੋਲ ਇਕ ਨਾਬਾਲਗ ਲੜਕੇ ਨੂੰ ਟਰੱਕ ਨੇ ਦਰੜ ਦਿੱਤਾ ਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਸੁਮਿਤ ਕੁਮਾਰ ਸੱਤਵੀਂ ਦਾ ਵਿਦਿਆਰਥੀ ਸੀ। ਹਾਦਸੇ ਵੇਲੇ ਉਹ ਆਪਣੇ ਘਰ ਕੋਲ ਹੀ ਸੜਕ ਪਾਰ ਕਰ ਰਿਹਾ ਸੀ। ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਵਾਹਨ ਪੁਲੀਸ ਨੇ ਕਬਜ਼ੇ ਵਿਚ ਲੈ ਲਿਆ ਹੈ।