ਜਲੰਧਰ,21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਸ਼ਹਿਰ ’ਚ ਲੱਗਣ ਵਾਲੇ 17 ਨਵੇਂ ਟਿਊਬਵੈੱਲਾਂ ਵਿਚੋਂ 10 ’ਤੇ ਰੋਕ ਲਾ ਦਿੱਤੀ ਹੈ। ਮੇਅਰ ਜਗਦੀਸ਼ ਰਾਜਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਇਹ ਫ਼ੈਸਲਾ ਲਿਆ ਗਿਆ ਕਿ ਜਿਹੜੀ ਕੰਪਨੀ ਨੇ ਪਿਛਲੇ ਸਾਲ ਟੈਂਡਰ ਭਰਿਆ ਸੀ ਉਸੇ ਕੰਪਨੀ ਨੇ ਹੁਣ ਵੀ ਟਿਊਬਵੈੱਲ ਲਾਉਣ ਦੇ ਪ੍ਰੋਜੈਕਟ ਦਾ ਟੈਂਡਰ ਭਰਿਆ ਹੈ। ਮੀਟਿੰਗ ਵਿਚ ਇਹ ਗੱਲ ਉੱਠੀ ਸੀ ਕਿ ਪਿਛਲੇ ਸਾਲ ਇਸੇ ਕੰਪਨੀ ਨੂੰ 19 ਟਿਊਬਵੈੱਲ ਲਗਾਉਣ ਲਈ ਕਿਹਾ ਗਿਆ ਸੀ ਪਰ ਕੰਪਨੀ ਨੇ ਸਿਰਫ਼ 5 ਹੀ ਟਿਊਬਵੈਲ ਲਾਏ ਸਨ। ਨਵੇਂ ਟਿਊਬਵੈੱਲ ਲਾਉਣ ਵਾਲੇ ਮਤਾ ਨੰਬਰ 190 ਨੂੰ ਪੈਂਡਿੰਗ ਰੱਖਿਆ ਗਿਆ। ਮੀਟਿੰਗ ਵਿੱਚ ਮੈਂਬਰ ਇਸ ਗੱਲ ’ਤੇ ਇਕਮਤ ਸਨ ਕਿ ਕੰਪਨੀ ਦੀ ਸੁਸਤ ਰਫ਼ਤਾਰ ਨੇ ਨਗਰ ਨਿਗਮ ਦੇ ਅਕਸ ਨੂੰ ਭਾਰੀ ਢਾਅ ਲਾਈ ਸੀ ਜਿਸ ਕਰਕੇ ਇਸ ਕੰਪਨੀ ਨੂੰ ਮੁੜ ਕੰਮ ਨਾ ਦਿੱਤਾ ਜਾਵੇ। ਮੇਅਰ ਜਗਦੀਸ਼ ਰਾਜਾ ਨੇ ਦੱਸਿਆ ਕਿ ਇਸ ਕੰਪਨੀ ਕੋਲੋਂ ਪਿਛਲੇ ਟਿਊਬਵੈੱਲਾਂ ਦਾ ਹਿਸਾਬ-ਕਿਤਾਬ ਮੰਗਿਆ ਗਿਆ ਹੈ ਤੇ ਉਸ ਤੋਂ ਬਾਅਦ ਹੀ ਨਵੇਂ ਟਿਊਬਵੈੱਲ ਲਾਉਣ ਦਾ ਕੰਮ ਦੇਣ ਬਾਰੇ ਫ਼ੈਸਲਾ ਕੀਤਾ ਜਾਵੇਗਾ। ਮੀਟਿੰਗ ਵਿਚ ਸ਼ਹਿਰ ’ਚ ਹੋਣ ਵਾਲੇ ਵਿਕਾਸ ਦੇ ਤਿੰਨ ਕਰੋੜ ਦੇ ਕੰਮਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ। ਸ਼ਹਿਰ ਦੀਆਂ ਸੜਕਾਂ ਦਾ ਬੁਰਾ ਹਾਲ ਹੋਣ ਕਾਰਨ ਨਗਰ ਨਿਗਮ ਤੇ ਪੰਜਾਬ ਸਰਕਾਰ ਦੀ ਹੋ ਰਹੀ ਬਦਨਾਮੀ ਦੇ ਚੱਲਦਿਆਂ ਸੜਕਾਂ ਬਣਾਉਣ ਵਾਲੀ ਕੰਪਨੀ ਸਤੀਸ਼ ਅਗਰਵਾਲ ਨੂੰ ਬਲੈਕ ਲਿਸਟ ਕਰਨ ਬਾਰੇ ਮਤਾ ਰੱਖਿਆ ਗਿਆ ਸੀ ਕਿਉਂਕਿ ਇਸ ਕੰਪਨੀ ਨੇ ਸੋਢਲ ਮੰਦਰ ਨੂੰ ਜਾਣ ਵਾਲੀ ਸੜਕ ਨਹੀਂ ਸੀ ਬਣਾਈ, ਜਿਸ ਦਾ ਮੈਂਬਰਾਂ ਨੇ ਸਖ਼ਤ ਨੋਟਿਸ ਲਿਆ ਸੀ। ਮੀਟਿੰਗ ਵਿਚ ਕੰਪਨੀ ਨੂੰ ਬਲੈਕ ਲਿਸਟ ਕਰਨ ਬਾਰੇ ਭਿਣਕ ਪੈਣ ’ਤੇ ਠੇਕੇਦਾਰ ਸੁਮਨ ਅਗਰਵਾਲ ਆਪ ਪੇਸ਼ ਹੋ ਗਏ ਅਤੇ ਉਨ੍ਹਾਂ ਨੇ ਮੁਆਫ਼ੀਨਾਮਾ ਪੇਸ਼ ਕਰ ਦਿੱਤਾ ਕਿ ਭਵਿੱਖ ਵਿੱਚ ਸੜਕਾਂ ਦੇ ਕੰਮ ਵਿਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਵਿੱਤ ਤੇ ਠੇਕਾ ਕਮੇਟੀ ਨੇ ਕੰਪਨੀ ਦਾ ਮੁਆਫ਼ੀਨਾਮਾ ਕਬੂਲ ਕਰ ਲਿਆ ਤੇ ਭਵਿੱਖ ’ਚ ਤਾੜਨਾ ਕੀਤੀ ਕਿ ਸੜਕਾਂ ਦੀ ਕੋਈ ਸ਼ਿਕਾਇਤ ਨਹੀਂ ਆਉਣੀ ਚਾਹੀਦੀ। ਕਮੇਟੀ ਨੇ ਦੋ ਸੜਕਾਂ ਤੇ ਦੋ ਥਾਵਾਂ ’ਤੇ ਸੀਵਰੇਜ ਦੇ ਕੰਮਾਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਮੀਟਿੰਗ ਵਿਚ ਸੀਨੀਅਰ ਡਿਪਟੀ ਮੇਅਰ ਬੀਬੀ ਸੁਰਿੰਦਰ ਕੌਰ, ਡਿਪਟੀ ਮੇਅਰ ਸਿਮਰਨਜੀਤ ਸਿੰਘ ਬੰਟੀ, ਨਗਰ ਨਿਗਮ ਦੇ ਕਮਿਸ਼ਨਰ ਦੀਪਰਵ ਲਾਕੜਾ, ਵਧੀਕ ਕਮਿਸ਼ਨਰ ਬਬੀਤਾ ਕਲੇਰ, ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।