ਸ਼ਹਿਣਾ ,21 ਨਵੰਬਰ ( ਪੰਜਾਬੀ ਟਾਈਮਜ਼ ਨਿਊਜ਼ ) :ਥਾਣਾ ਸ਼ਹਿਣਾ ਦੇ ਪਿੰਡ ਭਗਤਪੁਰਾ ਮੌੜ ਵਾਸੀ ਵਿਅਕਤੀ ਦੇ ਕਤਲ ਸਬੰਧੀ ਪੁਲੀਸ ਨੇ ਖੁਲਾਸਾ ਕੀਤਾ ਹੈ ਕਿ ਨਸ਼ੇੜੀ ਵਿਅਕਤੀ ਨੇ ਪੈਸਿਆਂ ਦੇ ਲਾਲਚ ਵਿੱਚ ਪੱਥਰ ਮਾਰ ਕੇ ਕਤਲ ਕੀਤਾ ਸੀ। ਏ.ਐੱਸ.ਆਈ. ਪਵਨ ਕੁਮਾਰ ਨੇ ਦੱਸਿਆ ਕਿ ਭਗਤਪੁਰਾ ਦੇ ਹੀ ਜਗਤਾਰ ਨਾਥ ਪੁੱਤਰ ਰਾਮ ਬਾਜੀਗਰ ਵਾਸੀ ਭਗਤਪੁਰਾ ਨੇ ਪੈਸਿਆਂ ਦੇ ਲਾਲਚ ’ਚ ਗੁਰਮੇਲ ਸਿੰਘ (52) ਵਾਸੀ ਭਗਤਪੁਰਾ ਦਾ ਕਤਲ ਕੀਤਾ ਸੀ। ਪੈਸਿਆਂ ਦੇ ਲਾਲਚ ’ਚ ਕਥਿਤ ਦੋਸ਼ੀ ਨੇ ਪੱਥਰ ਮਾਰ ਕੇ ਗੁਰਮੇਲ ਸਿੰਘ ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ 17 ਨਵੰਬਰ ਨੂੰ ਪੱਖੋ ਕੈਂਚੀਆਂ ਤੋਂ ਲਾਸ਼ ਮਿਲੀ ਸੀ, ਜੋ ਮਿੱਟੀ ਤੇ ਘਾਹ ਫੂਸ ਨਾਲ ਢੱਕੀ ਹੋਈ ਸੀ। ਲਾਸ਼ ਦੀ ਪਛਾਣ ਗੁਰਮੇਲ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਭਗਤਪੁਰਾ ਮੌੜ ਵਜੋਂ ਹੋਈ ਸੀ। ਸ਼ਹਿਣਾ ਪੁਲੀਸ ਨੇ ਕਤਲ ਕੇਸ ਦਰਜ ਕੀਤਾ ਸੀ ਅਤੇ ਚਾਰ ਦਿਨਾਂ ਦੀ ਪੜਤਾਲ ਮਗਰੋਂ ਕਤਲ ਦਾ ਸੁਰਾਗ ਲਾ ਲਿਆ। ਸ਼ਹਿਣਾ ਪੁਲੀਸ ਨੇ ਕਥਿਤ ਦੋਸ਼ੀ ਜਗਤਾਰ ਨਾਥ ਨੂੰ ਗ੍ਰਿਫ਼ਤਾਰ ਕੀਤਾ ਹੈ।