ਲੇਖਕ : ਜੋਧ ਸਿੰਘ ਮੋਗਾ
ਬੱਚਿਓ! ਦੁਨੀਆਂ ਦਾ ਸਭ ਤੋਂ ਪਹਿਲਾ ਅੰਗਰੇਜ਼ੀ ਅਖ਼ਬਾਰ 1665 ਵਿਚ ਇੰਗਲੈਂਡ ਵਿਚ ਨਿਕਲਿਆ, ਪਰ ਪੂਰੀ ਤਰ੍ਹਾਂ ਅਤੇ ਆਮ ਲੋਕਾਂ ਲਈ ਛਪਣ ਵਾਲਾ 1702 ਵਿਚ ਸ਼ੁਰੂ ਹੋਇਆ। ਭਾਰਤ ਵਿਚ 1780 ਵਿਚ ਪਹਿਲਾ ਅੰਗਰੇਜ਼ੀ ਅਖ਼ਬਾਰ ਨਿਕਲਿਆ, ਉਸਦਾ ਨਾਂ ਸੀ ‘ਬੰਗਾਲ ਗਜ਼ਟ’। ਅੱਜ ਮਸ਼ੀਨੀ ਯੁੱਗ ਅਤੇ ਛਾਪੇਖਾਨੇ ਦੀ ਉੱਨਤੀ ਕਾਰਨ ਦੁਨੀਆਂ ਦੇ ਸਭ ਦੇਸ਼ਾਂ ਅਤੇ ਵੱਖ ਵੱਖ ਭਾਸ਼ਾਵਾਂ ਵਿਚ 18000 ਕਿਸਮ ਦੇ ਅਖ਼ਬਾਰ ਰੋਜ਼ਾਨਾ ਪ੍ਰਕਾਸ਼ਿਤ ਹੁੰਦੇ ਹਨ। ਕਈ ਛਾਪਕ ਮਸ਼ੀਨਾਂ ਤਾਂ ਇਕ ਮਿੰਟ ਵਿਚ ਹੀ ਰੰਗੀਨ ਤਸਵੀਰਾਂ ਸਮੇਤ ਸੈਂਕੜੇ ਅਖ਼ਬਾਰ ਛਾਪ ਕੇ ਆਪੇ ਬੰਡਲ ਬਣਾ ਕੇ ਬਾਹਰ ਕੱਢ ਦਿੰਦੀਆਂ ਹਨ। ਅਖ਼ਬਾਰ ਪੜ੍ਹਨ ਵਿਚ ਅੱਜ ਜਪਾਨੀ ਲੋਕਾਂ ਦੀ ਝੰਡੀ ਹੈ ਅਤੇ ਉਹ ਨੰਬਰ ਇਕ ’ਤੇ ਹਨ। ਉੱਥੇ ਇਕ ਅਖ਼ਬਾਰ ਤਾਂ ਇਕ ਦਿਨ ਵਿਚ ਦੋ ਵਾਰੀ, ਦੋ ਕਰੋੜ ਛਪਦਾ ਹੈ। ਭਾਰਤ ਵਿਚ ਵੀ ਹਰ ਭਾਸ਼ਾ ਵਿਚ ਕਈ ਅਖ਼ਬਾਰ ਪ੍ਰਕਾਸ਼ਿਤ ਹੁੰਦੇ ਹਨ ਅਤੇ ਕਈਆਂ ਦੀ ਗਿਣਤੀ ਲੱਖਾਂ ਵਿਚ ਵੀ ਹੈ। ਉਰਦੂ ਦੇ ਅਖ਼ਬਾਰ ਦਾ ਬਹੁਤਾ ਹਿੱਸਾ ਤਾਂ ਪਹਿਲਾਂ ਹੱਥ ਨਾਲ ਲਿਖਣਾ ਪੈਂਦਾ ਹੈ, ਇਸ ਲਈ ਉਰਦੂ ਦੇ ਅਖ਼ਬਾਰ ਬਹੁਤ ਘੱਟ ਹਨ।
ਆਓ, ਜਾਣੀਏ ਤੁਹਾਨੂੰ ਵਿਦਿਆਰਥੀ ਬੱਚਿਆਂ ਨੂੰ ਅਖ਼ਬਾਰ ਕਿਉਂ ਅਤੇ ਕਿਵੇਂ ਪੜ੍ਹਨਾ ਚਾਹੀਦਾ ਹੈ।
ਅਖ਼ਬਾਰਾਂ ਵਿਚ ਵੱਡਿਆਂ ਲਈ ਬੜਾ ਕੁਝ ਹੁੰਦਾ ਹੈ ਅਤੇ ਖੁੱਲ੍ਹੇ ਸਮੇਂ ਵਿਚ ਬੜੇ ਧਿਆਨ ਨਾਲ ਸਭ ਕੁਝ ਪੜ੍ਹ ਸਕਦੇ ਹਨ, ਪਰ ਤੁਹਾਨੂੰ ਸਾਰਾ ਕੁਝ ਅਤੇ ਵਿਸਥਾਰ ਨਾਲ ਪੜ੍ਹਨ ਦੀ ਲੋੜ ਨਹੀਂ ਅਤੇ ਨਾ ਹੀ ਤੁਹਾਡੇ ਕੋਲ ਐਨਾ ਸਮਾਂ ਹੈ ਕਿਉਂਕਿ ਸਕੂਲ ਪੁਸਤਕਾਂ ਬਹੁਤ ਪੜ੍ਹਨੀਆਂ ਪੈਂਦੀਆਂ ਹਨ। ਤੁਸੀਂ ਸਾਰੀਆਂ ਖ਼ਬਰਾਂ ਅਤੇ ਬਹੁਤਾ ਕੁਝ ਨਾ ਪੜ੍ਹੋ, ਸਿਰਫ਼ ਖ਼ਬਰਾਂ ਦੀਆਂ ਸੁਰਖੀਆਂ ਅਤੇ ਸਿਰਲੇਖਾਂ ’ਤੇ ਹੀ ਨਜ਼ਰ ਮਾਰ ਛੱਡੋ ਅਤੇ ਤਸਵੀਰਾਂ ਹੇਠਾਂ ਜੋ ਲਿਖਿਆ ਹੈ, ਧਿਆਨ ਨਾਲ ਪੜ੍ਹ ਲਵੋ। ਇਹ ਮੁੱਖ ਖ਼ਬਰ ਦਾ ਨਿਚੋੜ ਵੀ ਹੋ ਸਕਦਾ ਹੈ। ਇਸ ਤਰ੍ਹਾਂ ਤੁਹਾਨੂੰ ਰੋਜ਼ ਦੀਆਂ ਖ਼ਬਰਾਂ ਦੀ ਸੰਖੇਪ ਜਾਣਕਾਰੀ ਮਿਲ ਜਾਵੇਗੀ। ਵਧੀਆ ਸਕੂਲਾਂ ਵਿਚ ਤਾਂ ਕੋਈ ਅਧਿਆਪਕ ਮੁੱਖ ਖ਼ਬਰਾਂ ਜਾਂ ਸੁਰਖੀਆਂ ਸੰਖੇਪ ਵਿਚ ਕਿਸੇ ਚੰਗੇ ਵਿਦਿਆਰਥੀਆਂ ਨੂੰ ਲਿਖਵਾ ਦਿੰਦਾ ਹੈ ਜੋ ਸਵੇਰ ਦੀ ਸਭਾ ਵਿਚ ਚਾਰ ਜਾਂ ਪੰਜ ਮਿੰਟਾਂ ਵਿਚ ਪੜ੍ਹ ਦਿੱਤੀਆਂ ਜਾਂਦੀਆਂ ਹਨ। ਕਈ ਸਕੂਲਾਂ ਵਿਚ ਸੰਖੇਪ ਖ਼ਬਰਾਂ ਲਿਖਣ ਲਈ ਵੱਖਰੇ ਬੋਰਡ ਹਨ।
ਜੇ ਅਖ਼ਬਾਰ ਤੁਹਾਡੇ ਘਰ ਆਉਂਦਾ ਹੈ ਤਾਂ ਅਗਲੇ ਦਿਨ ਰੱਦੀ ਵਿਚ ਸੁੱਟਣ ਤੋਂ ਪਹਿਲਾਂ ਉਸ ਵਿਚੋਂ ਲੀਡਰਾਂ ਦੀਆਂ ਮੁੱਖ ਘਟਨਾਵਾਂ ਦੀਆਂ ਅਤੇ ਹੋਰ ਗਿਆਨ ਦੇਣ ਵਾਲੀਆਂ ਕੁਝ ਚੰਗੀਆਂ ਤਸਵੀਰਾਂ ਕੱਟ ਲਵੋ ਅਤੇ ਕਿਸੇ ਵੱਡੇ ਲਿਫ਼ਾਫ਼ੇ ਵਿਚ ਸਾਂਭ ਲਓ ਜਾਂ ਰੱਦੀ ਕਾਗਜ਼ ਦਾ ਇਕ ਰਜਿਸਟਰ ਜਿਹਾ ਬਣਾ ਲਵੋ ਅਤੇ ਉਸ ਵਿਚ ਚਿਪਕਾਉਂਦੇ ਜਾਓ, ਐਲਬਮ ਬਣ ਜਾਵੇਗੀ। ਇਹ ਐਲਬਮ ਤੁਹਾਡੇ ਗਿਆਨ ਵਿਚ ਬਹੁਤ ਵਾਧਾ ਕਰੇਗੀ। ਜਿਹੜੇ ਵਿਦਿਆਰਥੀ ਰੋਜ਼ਾਨਾ ਅਖ਼ਬਾਰਾਂ ਅਤੇ ਤਸਵੀਰਾਂ ਧਿਆਨ ਨਾਲ ਦੇਖਦੇ ਹਨ, ਉਹ ਵੱਧ ਹੁਸ਼ਿਆਰ ਅਤੇ ਗਿਆਨਵਾਨ ਹੋ ਜਾਂਦੇ ਹਨ ਅਤੇ ਉਹ ਆਮ ਗਿਆਨ (ਜੀ.ਕੇ.) ਦੇ ਟੈਸਟਾਂ ਅਤੇ ਮੁਕਾਬਲਿਆਂ ਵਿਚ ਬਹੁਤੇ ਨੰਬਰ ਲੈ ਕੇ ਇਨਾਮ ਜਿੱਤ ਦੇ ਹਨ।
ਤੁਸੀਂ ਸੋਚਦੇ ਹੋਵੋਗੇ ਕਿ ਜਦੋਂ ਟੀ.ਵੀ. ’ਤੇ ਖ਼ਬਰਾਂ ਸੁਣ ਸਕਦੇ ਹਾਂ ਤਾਂ ਅਖ਼ਬਾਰ ਪੜ੍ਹਨ ਦੀ ਕੀ ਲੋੜ ਹੈ? ਨਹੀਂ। ਵੱਡੇ ਵੱਡੇ ਵਿਦਵਾਨਾਂ ਦਾ ਕਹਿਣਾ ਹੈ ਕਿ ਗਿਆਨ ਵਧਾਉਣ ਲਈ ਅਖ਼ਬਾਰ ਹੀ ਸਭ ਤੋਂ ਵਧੀਆ ਸਾਧਨ ਹੈ ਅਤੇ ਟੀ.ਵੀ. ਅਤੇ ਮੋਬਾਈਲਾਂ ਤੋਂ ਬਹੁਤ ਉੱਚਾ ਸਥਾਨ ਰੱਖਦਾ ਹੈ। ਤੁਹਾਨੂੰ ਆਪਣੀਆਂ ਸਕੂਲੀ ਪੁਸਤਕਾਂ ਤਾਂ ਜ਼ਰੂਰ ਚੰਗੀ ਤਰ੍ਹਾਂ ਪੜ੍ਹਨੀਆਂ ਚਾਹੀਦੀਆਂ ਹਨ, ਪਰ ਨਾਲ ਨਾਲ ਅਖ਼ਬਾਰ ਦੇਖਣ ਦੀ ਆਦਤ ਜ਼ਰੂਰ ਪਾਓ, ਵੱਡੀਆਂ ਜਮਾਤਾਂ ਵਿਚ ਇਸਦਾ ਬਹੁਤ ਲਾਭ ਹੋਵੇਗਾ