ਸਿਡਨੀ,1 ਦਸੰਬਰ( ਪੰਜਾਬੀ ਟਾਈਮਜ਼ ਨਿਊਜ਼ ) :ਇੱਥੇ ਅੱਜ ਪੰਜਾਬੀ ਸਾਹਿਤ ਤੇ ਅਦਬ ਵੱਲੋਂ ਕਹਾਣੀਕਾਰ ਤੇ ਨਾਵਲਕਾਰ ਐੱਸ. ਸਾਕੀ ਦਾ ਨਵ-ਪ੍ਰਕਾਸ਼ਿਤ ਕਹਾਣੀ ਸੰਗ੍ਰਹਿ ‘ਅਖੀਰੀ ਬਾਜ਼ੀ’ ਲੋਕ ਅਰਪਣ ਕੀਤਾ ਗਿਆ। ਇਹ ਉਨ੍ਹਾਂ ਦਾ 22ਵਾਂ ਕਹਾਣੀ ਸੰਗ੍ਰਹਿ ਹੈ, ਜਿਸ ਵਿੱਚ 20 ਕਹਾਣੀਆਂ ਹਨ। ਸ੍ਰੀ ਸਾਕੀ ਦੇ ਹੁਣ ਤੱਕ 9 ਨਾਵਲ ਤੇ 23 ਕਹਾਣੀ ਸੰਗ੍ਰਹਿ ਛਪ ਚੁੱਕੇ ਹਨ।
ਸਿਡਨੀ ਦੇ ਲੇਖਕ ਤੇ ਕਵੀ ਡਾ. ਅਮਰਜੀਤ ਸਿੰਘ ਟਾਂਡਾ, ਸਾਹਿਤਕਾਰ ਗਿਆਨੀ ਸੰਤੋਖ ਸਿੰਘ, ਪੰਜਾਬ ਟਾਈਮਜ਼ ਦੇ ਸੰਪਾਦਕ ਹਰਪ੍ਰੀਤ ਸਿੰਘ ਨੇ ਸਾਂਝੇ ਰੂਪ ਵਿੱਚ ਐੱਸ. ਸਾਕੀ ਦੀ ਕਿਤਾਬ ਰਿਲੀਜ਼ ਕੀਤੀ। ਉਨ੍ਹਾਂ ਆਪਣੇ ਭਾਸ਼ਨਾਂ ਵਿੱਚ ਸ੍ਰੀ ਸਾਕੀ ਨੂੰ ਪੰਜਾਬੀ ਤੇ ਹਿੰਦੀ ਦੇ ਸਾਂਝੇ ਸਾਹਿਤ ਦਾ ‘ਵਗਦਾ ਦਰਿਆ’ ਆਖਿਆ। ਡਾ. ਟਾਂਡਾ ਨੇ ਲੇਖਕ ਸਾਕੀ ਦੇ ਸਾਹਿਤਕ ਸਫ਼ਰ ਨੂੰ ਦਰਸਾਉਂਦੀ ਨਜ਼ਮ ਸੁਣਾਈ। ਉਨ੍ਹਾਂ ਕਿਹਾ ਕਿ ਸਾਕੀ ਦੀਆਂ ਕਹਾਣੀਆਂ ਵਿਚਲੇ ਪਾਤਰ ਤੇ ਵਾਰਤਾਲਾਪ ਜੀਵਨ ਦੀ ਸੱਚਾਈ ਬਿਆਨਦੇ ਅਤੇ ਦਿਲ ਨੂੰ ਟੁੰਬਦੇ ਵੀ ਹਨ। ਇਸ ਮੌਕੇ ਐੱਸ. ਸਾਕੀ ਨੇ ਨਵੀਂ ਪੀੜ੍ਹੀ ਨੂੰ ਸਾਹਿਤ ਪੜ੍ਹਨ ਤੇ ਲਿਖਣ ਵੱਲ ਹੋਰ ਰੁਚਿਤ ਹੋਣ ਦੀ ਅਪੀਲ ਕੀਤੀ। ਉਨ੍ਹਾਂ ਆਪਣੀਆਂ ਸਾਹਿਤਕ ਰਚਨਾਵਾਂ ਲਿਖਣ ਤੇ ਇਨ੍ਹਾਂ ਬਦਲੇ ਮਿਲੇ ਮਾਣ-ਸਨਮਾਨ ਦਾ ਸਿਹਰਾ ਆਪਣੀ ਪਤਨੀ ਆਸ਼ਾ ਸਾਕੀ ਸਿਰ ਬੰਨ੍ਹਿਆ।